
ਕੁੱਝ ਮੰਤਰੀਆਂ ਦੇ ਵਿਭਾਗ ਵਿਚ ਵੀ ਤਬਦੀਲੀ ਲਈ ਹੋ ਰਿਹਾ ਵਿਚਾਰ
ਚੰਡੀਗੜ੍ਹ : 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਪਣੇ ਮੰਤਰੀ ਮੰਡਲ ਨੂੰ ਕੁੱਝ ਫੇਰਬਦਲ ਕਰ ਕੇ ਨਵੀਂ ਦਿੱਖ ਦੇਣਾ ਚਾਹੁੰਦੇ ਹਨ। ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਦੀ ਮੰਨੀਏ ਤਾਂ 10 ਨਵੰਬਰ ਤੋਂ ਬਾਅਦ ਇਸੇ ਮਹੀਨੇ ਦੌਰਾਨ ਇਸ ਫੇਰਬਦਲ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਇਸ ਸਬੰਧੀ ਵਿਚਾਰ ਵਟਾਂਦਰਾ ਸ਼ੁਰੂ ਹੋ ਚੁੱਕਾ ਹੈ।
Rana KP
ਦਸਿਆ ਗਿਆ ਹੈ ਕਿ ਇਸ ਬਾਰੇ ਮੁੱਖ ਮੰਤਰੀ ਦੀ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਵੀ ਗ਼ੈਰ ਰਸਮੀ ਗੱਲਬਾਤ ਹੋ ਚੁੱਕੀ ਹੈ। 10 ਨਵੰਬਰ ਨੂੰ ਕੁੱਝ ਰਾਜਾਂ ਦੀਆਂ ਚੋਣਾਂ ਦੇ ਨਤੀਜਿਆਂ ਬਾਅਦ ਮੁੱਖ ਮੰਤਰੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲ ਕੇ ਹਾਈਕਮਾਨ ਦੀ ਪ੍ਰਵਾਨਗੀ ਨਾਲ ਮੰਤਰੀ ਮੰਡਲ ਵਿਚ ਫੇਰ ਬਦਲ ਦੇ ਪ੍ਰੋਗਰਾਮ ਦੀ ਕੋਈ ਮਿਲੀ ਤੈਅ ਕਰਨਗੇ।
Navjot Sidhu
ਪਤਾ ਲੱਗਾ ਹੈ ਕਿ ਮੰਤਰੀ ਮੰਡਲ ਫੇਰ ਬਦਲ ਵਿਚ ਜਿਥੇ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਹੋਈ ਹੈ, ਉਥੇ ਨਾਲ ਹੀ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਮੰਤਰੀ ਮੰਡਲ 'ਚ ਲੈਣ ਮੁੱਖ ਮੰਤਰੀ ਵਿਚਾਰ ਕਰ ਰਹੇ ਹਨ। ਜੇ ਰਾਣਾ ਕੇ.ਪੀ. ਨੂੰ ਮੰਤਰੀ ਮੰਡਲ ਵਿਚ ਥਾਂ ਮਿਲਦੀ ਹੈ ਤਾਂ ਉਨ੍ਹਾਂ ਦੀ ਥਾਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਪੀਕਰ ਦਾ ਅਹੁਦਾ ਦਿਤਾ ਜਾ ਸਕਦਾ ਹੈ। ਪਰ ਅੰਤਮ ਫ਼ੈਸਲਾ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਸਹਿਮਤੀ 'ਤੇ ਹੀ ਨਿਰਭਰ ਹੈ।
charanjit singh channi
ਮੰਤਰੀ ਮੰਡਲ ਵਿਚ ਕੰਮ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ ਕੁੱਝ ਮੰਤਰੀਆਂ ਦੇ ਵਿਭਾਗਾਂ ਵਿਚ ਫੇਰ ਬਦਲ ਵੀ ਕੀਤਾ ਜਾ ਸਕਦਾ ਹੈ। ਸੂਤਰਾਂ ਅਨੁਸਾਰ ਜੇ ਸੂਬੇ ਵਿਚ ਕਿਸਾਨ ਅੰਦੋਲਨ ਦੇ ਚਲਦੇ 10 ਨਵੰਬਰ ਤਕ ਸ਼ਾਂਤੀ ਦਾ ਮਾਹੌਲ ਬਣਿਆ ਰਿਹਾ ਤਾਂ ਇਸ ਤੋਂ ਬਾਅਦ ਫੇਰ ਬਦਲ ਦੇ ਪ੍ਰੋਗਰਾਮ ਦੀ ਮਿਤੀ ਤੈਅ ਕੀਤੀ ਜਾਵੇਗੀ ਜੋ ਕਿ ਨਵੰਬਰ ਦੇ ਦੂਜੇ ਜਾਂ ਤੀਜੇ ਹਫ਼ਤੇ ਦੌਰਾਨ ਹੀ ਹੋਵੇਗੀ।