
ਪੰਜਾਬ 'ਚ ਭਾਜਪਾ ਨੂੰ ਲੱਗ ਰਹੇ ਖੋਰੇ 'ਤੇ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਚਿੰਤਤ
ਕੌਮੀ ਪ੍ਰਧਾਨ ਨੱਢਾ ਨੇ ਸੂਬਾ ਆਗੂਆਂ ਨੂੰ ਹੋਰ ਕੰਮਾਂ ਤੋਂ ਪਹਿਲਾਂ ਅਪਣਾ ਸੰਭਾਲਣ ਦੀ ਦਿਤੀ ਨਸੀਹਤ
ਚੰਡੀਗੜ੍ਹ, 31 ਅਕਤੁਬਰ (ਗੁਰਉਪਦੇਸ਼ ਭੁੱਲਰ): ਸ਼੍ਰੋਮਣੀ ਅਕਾਲੀ ਦਲ ਨਾਲੋਂ ਗਠਜੋੜ ਟੁੱਟਣ ਬਾਅਦ ਪੰਜਾਬ ਵਿਚ 2022 ਵਿਚ ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਇਕੱਲੇ ਅਪਣੇ ਬਲਬੂਤੇ ਲੜਨ ਦੀ ਰਣਨੀਤੀ ਤੇ ਚਲ ਰਹੀ ਭਾਜਪਾ ਨੇ ਜਥੇਬੰਦਕ ਪੱਧਰ 'ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਅਸਤੀਫ਼ਿਆਂ ਦੀ ਲੜੀ ਕਾਰਨ ਲਗਾਤਾਰ ਝਟਕੇ ਤੇ ਝਟਕਾ ਲੱਗ ਰਿਹਾ ਹੈ। ਪੰਜਾਬ ਭਾਜਪਾ ਨੂੰ ਲੱਗ ਰਹੇ ਇਸ ਖੋਰੇ ਕਾਰਨ ਹੁਣ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੀ ਕਾਫ਼ੀ ਚਿੰਤਤ ਹੋ ਗਈ ਹੈ। ਇਸ ਦਾ ਪ੍ਰਗਟਾਵਾ ਬੀਤੇ ਦਿਨੀਂ ਨਵੀਂ ਦਿੱਲੀ ਵਿਚ ਪੰਜਾਬ ਭਾਜਪਾ ਦੀ ਕੋਰ ਕਮੇਟੀ ਨਾਲ ਕੌਮੀ ਪ੍ਰਧਾਨ ਜੇ.ਪੀ. ਨੱਡਾ ਵਲੋਂ ਕੀਤੀ ਮੀਟਿੰਗ ਦੌਰਾਨ ਹੋਇਆ। ਮਿਲੀ ਜਾਣਕਾਰੀ ਮੁਤਾਬਕ ਨੱਡਾ ਨੇ ਪੰਜਾਬ ਭਾਜਪਾ ਵਿਚੋਂ ਲਗਾਤਾਰ ਕਈ ਪ੍ਰਮੁੱਖ ਵਿਸ਼ੇਸ਼ ਤੌਰ 'ਤੇ ਸਿੱਖ ਚਹੇਰਿਆਂ ਦੇ ਅਸਤੀਫ਼ਿਆਂ 'ਤੇ ਨਿਰਾਸ਼ਾ ਪ੍ਰਗਟ ਕਰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਮੌਜੂਦ ਹੋਰ ਪ੍ਰਮੁੱਖ ਨੇਤਾਵਾਂ ਨੂੰ ਕੁੱਝ ਕਰਨ
ਲਈ ਸਬਕ ਪੜ੍ਹਾਇਆ ਹੈ। ਪਤਾ ਲੱਗਾ ਹੈ ਕਿ ਮੀਟਿੰਗ ਵਿਚ ਹੋਰ ਪਾਰਟੀਆਂ ਬਾਰੇ ਵਿਚਾਰ ਚਰਚਾ ਦੌਰਾਨ ਨੱਡਾ ਨੇ ਪੰਜਾਬ ਦੇ ਨੇਤਾਵਾਂ ਨੂੰ ਨਸੀਹਤ ਦਿੰਦੇ ਹੋਏ ਇਥੋਂ ਤਕ ਕਹਿ ਦਿਤਾ ਕਿ ਪਹਿਲਾਂ ਅਪਣਾ ਘਰ ਸੰਭਾਲੋ ਤੇ ਘੇਰ ਹੋਰਨਾਂ ਬਾਰੇ ਗੱਲ ਕਰਨਾ। ਨੱਢਾ ਦਾ ਕਹਿਣਾ ਸੀ ਕਿ ਜੇ ਅਸੀ ਅਪਣੇ ਜਥੇਬੰਦਕ ਢਾਂਚੇ ਨੂੰ ਖੋਰਾ ਲੱਗਣ ਤੋਂ ਨਹੀਂ ਰੋਕ ਸਕਦੇ ਤਾਂ ਚਲ ਰਹੇ ਵੱਡੇ ਕਿਸਾਨ ਅੰਦੋਲਨ ਦੀ ਚੁਨੌਤੀ ਦਾ ਸਾਹਮਣਾ ਕਰਦਿਆਂ ਕੇਂਦਰੀ ਖੇਤੀ ਬਿਲਾਂ ਬਾਰੇ ਕਿਸਾਨਾਂ ਨੂੰ ਕਿਵੇਂ ਸਮਝਾ ਸਕਾਂਗੇ? ਨੱਢਾ ਨੇ ਪੰਜਾਬ ਵਿਚ 117 ਸੀਟਾਂ ਲੜਨ ਲਈ ਪਾਰਟੀ ਨੂੰ ਹਰ ਪੱਧਰ 'ਤੇ ਮਜ਼ਬੂਤ ਕਰਨ ਅਤੇ ਸੂਬੇ ਵਿਚ ਚਲ ਕਿਸਾਨ ਅੰਦੋਲਨ ਦੇ ਮਸਲੇ ਦੇ ਹੱਲ ਲਈ ਠੋਸ ਰਣਨੀਤੀ ਬਣਾ ਕੇ ਕੰਮ ਕਰਨ ਲਈ ਕਿਹਾ ਹੈ।
ਪੰਜਾਬ ਭਾਜਪਾ ਆਗੂਆਂ ਨੇ ਨੱਢਾ ਨੂੰ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਵੀ ਜਾਣਕਾਰੀ ਦਿਤੀ ਅਤੇ ਸੂਬਾ ਸਰਕਾਰ ਦੇ ਰਵਈਏ ਕਾਰਨ ਕੰਮ ਕਰਨ ਵਿਚ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਦਸਿਆ।