
ਅੱਗ ਬੁਝਾਊ ਦਸਤੇ ਦੀਆਂ 10 ਗੱਡੀਆਂ ਮੌਕੇ 'ਤੇ ਮੌਜੂਦ
ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ
ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ਦੇ ਨਰੇਲ ਇੰਡਸਟਰੀਅਲ ਏਰੀਆ ਵਿਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਇਸ ਘਟਨਾ ਵਿਚ ਦੋ ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਡਿਪਟੀ ਪੁਲਿਸ ਕਮਿਸ਼ਨਰ ਦੇਵੇਸ਼ ਕੁਮਾਰ ਮਾਹਲਾ ਨੇ ਦੱਸਿਆ,''ਅੱਗ ਇਕ ਇਮਾਰਤ ਦੀ ਦੂਜੀ ਮੰਜ਼ਿਲ 'ਤੇ ਜੁੱਤੀਆਂ ਬਣਾਉਣ ਵਾਲੀ ਫੈਕਟਰੀ 'ਚ ਲੱਗੀ। 30 ਤੋਂ 35 ਸਾਲ ਦੀ ਉਮਰ ਦੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਕੁਝ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸਾਰੇ ਸਥਿਰ ਹਨ ਅਤੇ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਅਸੀਂ ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।”
ਅੱਗ ਦੀ ਸੂਚਨਾ ਮਿਲਣ ਮਗਰੋਂ ਅੱਗ ਬੁਝਾਊ ਦਸਤੇ ਦੀਆਂ 10 ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫੈਕਟਰੀ ਦੀ ਤੀਜੀ ਮੰਜ਼ਿਲ 'ਤੇ ਇਹ ਅੱਗ ਲੱਗੀ ਹੈ। ਜਾਣਕਾਰੀ ਅਨੁਸਾਰ ਜਦੋਂ ਅੱਗ ਲੱਗੀ ਤਾਂ ਉੱਥੇ 100 ਮਜ਼ਦੂਰ ਕੰਮ ਕਰ ਰਹੇ ਸਨ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਪੌੜੀਆਂ ਤੋਂ ਮਜ਼ਦੂਰਾਂ ਨੂੰ ਬਚਾਇਆ ਪਰ ਅਜੇ ਵੀ ਕਈ ਅੰਦਰ ਫਸੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਇਸ ਹਾਦਸੇ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ DCP ਦੇਵੇਸ਼ ਕੁਮਾਰ ਮਹਲਾ ਨੇ ਦੱਸਿਆ ਕਿ ਹੁਣ ਤੱਕ 20 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ, 18 ਜ਼ਖਮੀ ਹਨ ਅਤੇ ਦੋ ਦੀ ਮੌਤ ਹੋ ਚੁੱਕੀ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।