
ਇੱਕ ਔਰਤ ਸਮੇਤ 5 ਨੂੰ ਕੀਤਾ ਗ੍ਰਿਫ਼ਤਾਰ
12 ਬੋਰ ਰਾਈਫ਼ਲ, 14 ਜ਼ਿੰਦਾ ਰੌਂਦ, ਇੱਕ ਦੇਸੀ ਕੱਟਾ, ਕਿਰਚ ਤੇ ਗਹਿਣੇ ਕੀਤੇ ਬਰਾਮਦ
ਤਰਨ ਤਾਰਨ : ਸਥਾਨਕ ਪੁਲਿਸ ਨੇ ਬੀਤੇ ਦਿਨੀਂ ਹੋਏ ਪਤੀ-ਪਤਨੀ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਇੱਕ ਔਰਤ ਸਮੇਤ ਪੰਜ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਇਨ੍ਹਾਂ ਕੋਲੋਂ 12 ਬੋਰ ਰਾਈਫ਼ਲ, 14 ਜ਼ਿੰਦਾ ਰੌਂਦ, ਇੱਕ ਦੇਸੀ ਕੱਟਾ, ਕਿਰਚ ਤੇ ਕੁਝ ਗਹਿਣੇ ਵੀ ਬਰਾਮਦ ਕੀਤੇ ਗਏ ਹਨ।
ਇਸ ਤੋਂ ਇਲਾਵਾ ਇਨ੍ਹਾਂ ਦੇ ਕਬਜ਼ੇ ਵਿਚੋਂ ਦੋ ਸੈਮਸੰਗ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ। ਉਕਤ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਦੱਸਣਯੋਗ ਹੈ ਕਿ 19/20 ਅਕਤੂਬਰ ਦੀ ਦਰਮਿਆਨੀ ਰਾਤ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਸੁਖਦੇਵ ਸਿੰਘ ਅਤੇ ਜਸਬੀਰ ਕੌਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿਤਾ ਸੀ। ਇੰਨਾ ਹੀ ਨਹੀਂ ਸਗੋਂ ਉਕਤ ਮੁਲਜ਼ਮ ਜਾਂਦੇ ਸਮੇਂ ਘਰ ਵਿਚੋਂ 12 ਬੋਰ ਦੀ ਲਾਇਸੈਂਸੀ ਬੰਦੂਕ, 4/5 ਸੋਨੇ ਦੀਆਂ ਮੁੰਦਰੀਆਂ ਅਤੇ 30 ਹਜ਼ਾਰ ਰੁਪਏ ਨਕਦੀ ਚੋਰੀ ਕਰ ਕੇ ਲੈ ਗਏ ਸਨ।
ਇਸ 'ਤੇ ਥਾਣਾ ਹਰੀਕੇ ਵਿਚ ਮ੍ਰਿਤਕ ਦੀ ਲੜਕੀ ਸਿਮਰਨਜੀਤ ਕੌਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਤਫਤੀਸ਼ ਕੀਤੀ ਜਾ ਰਹੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕਾਂ ਦੀ ਨੂੰਹ ਨੇ ਹੀ ਆਪਣੇ ਸੱਸ-ਸਹੁਰੇ ਦਾ ਕਤਲ ਕੀਤਾ। ਆਪਣੇ ਸੱਸ-ਸਹੁਰੇ ਵਲੋਂ ਤੰਗ ਪ੍ਰੇਸ਼ਾਨ ਕਰਨ ਅਤੇ ਘਰੇਲੂ ਝਗੜੇ ਦੇ ਚਲਦੇ ਮੁਲਜ਼ਮ ਬਲਜਿੰਦਰ ਕੌਰ ਨੇ ਆਪਣੇ ਮਾਮੇ ਅਤੇ ਉਸ ਦੇ ਸਾਥੀਆਂ ਤੋਂ ਲੁੱਟ-ਖੋਹ ਦੀ ਕਹਾਣੀ ਬਣਾ ਕੇ ਇਸ ਵਾਰਦਾਤ ਨੂੰ ਅੰਜਾਮ ਦਿਤਾ ਸੀ।