
ਕਾਂਗਰਸ 'ਚ ਜਾਣਾ ਵੱਡੀ ਭੁੱਲ ਸੀ : ਅਮਰਜੀਤ ਸਿੰਘ ਸੰਦੋਆ
ਚੰਡੀਗੜ੍ਹ - ਰੋਪੜ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਅੱਜ ਮੁੜ ਪਾਰਟੀ ਵਿਚ ਵਾਪਸ ਆਉਣ ਦਾ ਐਲਾਨ ਕੀਤਾ ਗਿਆ। ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿਚ ਜਾਣਾ ਉਨ੍ਹਾਂ ਦੀ ਵੱਡੀ ਭੁੱਲ ਸੀ, ਹੁਣ ਗ਼ਲਤੀ ਦਾ ਅਹਿਸਾਸ ਹੋਣ ਤੋਂ ਬਾਅਦ ਮੈਂ ਦੁਬਾਰਾ ਆਮ ਆਦਮੀ ਪਾਰਟੀ ਵਿਚ ਵਾਪਸ ਆ ਰਿਹਾ ਹਾਂ। ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਐਲਾਨ ਕੀਤਾ ''ਮੈਨੂੰ ਨਾ ਤਾਂ ਟਿਕਟ ਚਾਹੀਦਾ ਹੈ ਅਤੇ ਨਾ ਹੀ ਕੋਈ ਅਹੁਦਾ, ਮੈਂ ਪਾਰਟੀ ਵਿਚ ਇੱਕ ਆਮ ਵਲੰਟੀਅਰ ਬਣ ਕੇ ਪਾਰਟੀ ਅਤੇ ਲੋਕਾਂ ਦੀ ਸੇਵਾ ਕਰਾਂਗਾ।''
Amarjit Singh Sandoa
ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਕਿਸਾਨਾਂ ਵੱਲੋਂ ਆਪਣੀ ਹੋਂਦ ਨੂੰ ਬਚਾਉਣ ਲਈ ਲੜੇ ਜਾ ਰਹੇ ਸੰਘਰਸ਼ ਦੌਰਾਨ ਪੰਜਾਬ ਦੀ ਕੈਪਟਨ ਸਰਕਾਰ, ਹਰਿਆਣਾ ਦੀ ਭਾਜਪਾ ਅਤੇ ਕੇਂਦਰ ਦੀ ਮੋਦੀ ਸਰਕਾਰ ਜਿੱਥੇ ਕਿਸਾਨਾਂ ਨੂੰ ਕੁਚਲਨ ਲੱਗੀ ਹੋਈ ਹੈ ਉੱਥੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਕਿਸਾਨਾਂ ਦੇ ਨਾਲ ਖੜ੍ਹਦੇ ਹੋਏ ਕਿਸਾਨ ਪੱਖੀ ਅਹਿਮ ਫ਼ੈਸਲੇ ਲਏ ਹਨ, ਜਿਨ੍ਹਾਂ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ ਹਾਂ।
Arvind Kejriwal
ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਕੋਈ ਤੋੜ ਨਹੀਂ ਹੈ, ਜਿਸ ਤੋਂ ਪ੍ਰਭਾਵਿਤ ਹੋਕੇ ਮੈਂ ਵਾਪਸ ਪਾਰਟੀ ਵਿਚ ਆਇਆ ਹਾਂ। ਉਨ੍ਹਾਂ ਕਿਹਾ, ''ਕਾਂਗਰਸ ਵਿਚ ਜਾਣਾ ਮੇਰੀ ਸਭ ਤੋਂ ਵੱਡੀ ਗ਼ਲਤੀ ਸੀ, ਇਸ ਗ਼ਲਤੀ ਕਰਕੇ ਮੈਂ ਸ਼ਰਮਿੰਦਾ ਹਾਂ। ਜੇਕਰ ਮੇਰੀ ਇਸ ਗ਼ਲਤੀ ਕਰਕੇ ਕਿਸੇ ਨੂੰ ਦੁੱਖ ਪਹੁੰਚਿਆ ਹੈ ਤਾਂ ਮੈਂ ਉਨ੍ਹਾਂ ਸਮੇਤ ਸਮੁੱਚੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਤੋਂ ਮੁਆਫ਼ੀ ਮੰਗਦਾ ਹਾਂ।'' ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਰੋਪੜ ਹਲਕੇ ਸਮੇਤ ਪੂਰੇ ਪੰਜਾਬ ਲਈ ਕੁੱਝ ਨਹੀਂ ਕੀਤਾ, ਉਲਟਾ ਬਾਦਲਾਂ ਦੀ ਰਾਹ 'ਤੇ ਚੱਲਦਿਆਂ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ।
Captain Amarinder Singh And Narendra Modi
ਉਨ੍ਹਾਂ ਕਿਹਾ ਕਿ ਕੈਪਟਨ ਅਤੇ ਮੋਦੀ ਦੋਵੇਂ ਹੀ ਕਿਸਾਨ ਵਿਰੋਧੀ ਹਨ, ਦੋਵਾਂ ਦੀ ਮਿਲੀਭੁਗਤ ਕਰਕੇ ਹੀ ਅੱਜ ਪੰਜਾਬ ਸਮੇਤ ਪੂਰੇ ਦੇਸ਼ ਦੀ ਕਿਸਾਨੀ ਦੀ ਹੋਂਦ ਹੀ ਖ਼ਤਰੇ 'ਚ ਪੈ ਗਈ ਹੈ। ਅਜਿਹੇ ਨਾਜ਼ੁਕ ਹਲਾਤ 'ਚ ਜਦੋਂ ਅਰਵਿੰਦ ਕੇਜਰੀਵਾਲ ਡਟ ਕੇ ਕਿਸਾਨਾਂ ਨਾਲ ਖੜੇ ਹੋਏ ਹਨ ਅਤੇ ਅੰਦੋਲਨਕਾਰੀ ਕਿਸਾਨਾਂ ਦੇ ਸੇਵਾਦਾਰ ਵਜੋਂ ਕੰਮ ਕਰ ਰਹੇ ਹਨ ਤਾਂ ਮੇਰੇ ਸਮੇਤ ਹਰ ਕੋਈ ਉਨ੍ਹਾਂ (ਕੇਜਰੀਵਾਲ) ਤੋਂ ਪ੍ਰਭਾਵਿਤ ਹੈ।