
ਇਨ੍ਹਾਂ ਖਿਡਾਰੀਆਂ ਦਾ ਕਹਿਣਾ ਹੈ ਕਿ ਜੇਕਰ 5 ਦਸੰਬਰ ਤੱਕ ਕਿਸਾਨਾਂ ਦੀ ਨਹੀਂ ਸੁਣੀ ਜਾਂਦੀ ਤਾਂ ਇਹ ਖਿਡਾਰੀ ਰਾਸ਼ਟਰਪਤੀ ਭਵਨ ਅੱਗੇ ਐਵਾਰਡ ਰੱਖਣਗੇ।
ਚੰਡੀਗੜ੍ਹ- ਪੰਜਾਬ ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਚਲਦੇ ਕਿਸਾਨ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਹੁਣ ਦਿੱਲੀ ਸਿੰਘੂ ਤੇ ਟਿਕਰੀ ਬਾਰਡਰ ਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਸੰਘਰਸ਼ ਦੀ ਹਮਾਇਤ 'ਚ ਦੇਸ਼ ਦਾ ਨਾਂ ਰੋਸ਼ਨ ਕਰਨ ਵਾਲੇ ਖਿਡਾਰੀਆਂ ਨੇ ਵੱਡਾ ਫੈਸਲਾ ਲਿਆ ਹੈ। ਹੁਣ ਪੰਜਾਬ ਦੇ 4 ਮੋਹਰੀ ਖਿਡਾਰੀ, ਜਿਨ੍ਹਾਂ ਵਿੱਚ ਇੱਕ ਓਲੰਪੀਅਨ ਵੀ ਸ਼ਾਮਲ, ਉਨ੍ਹਾਂ ਨੇ ਐਲਾਨ ਕੀਤਾ ਹੈ ਉਹ ਕਿਸਾਨਾਂ ਦੇ ਵਿਰੋਧ-ਪ੍ਰਦਰਸ਼ਨ ਦਾ ਸਮਰਥਨ ਕਰਦਿਆਂ ਆਪਣੇ ਐਵਾਰਡ ਵਾਪਸ ਕਰਨਗੇ।
ਇਕ ਮੀਡੀਆ ਰਿਪੋਰਟ ਦੇ ਮੁਤਾਬਿਕ ਇਨ੍ਹਾਂ ਖਿਡਾਰੀਆਂ ਨੇ ਕਿਹਾ ਕਿ ਜੇਕਰ 5 ਦਸੰਬਰ ਤੱਕ ਕਿਸਾਨਾਂ ਦੀ ਨਹੀਂ ਸੁਣੀ ਜਾਂਦੀ ਤਾਂ ਇਹ ਖਿਡਾਰੀ ਦਿੱਲੀ ਵੱਲ ਕੂਚ ਕਰਨਗੇ ਅਤੇ ਰਾਸ਼ਟਰਪਤੀ ਭਵਨ ਅੱਗੇ ਐਵਾਰਡ ਰੱਖਣਗੇ।
ਇਹ ਖਿਡਾਰੀ ਹਨ ਸ਼ਾਮਿਲ
ਸਾਬਕਾ ਰੈਸਲਰ ਅਤੇ ਪਦਮਸ਼੍ਰੀ ਐਵਾਰਡੀ ਕਰਤਾਰ ਸਿੰਘ, ਇੰਡੀਅਨ ਹਾਕੀ ਗੌਲਡਨ ਗਰਲ ਅਤੇ ਅਰਜੁਨ ਐਵਾਰਡੀ ਰਾਜਬੀਰ ਕੌਰ, ਅਰਜੁਨ ਐਵਾਰਡੀ ਬਾਸਕਟ ਪਲੇਅਰ ਸੱਜਣ ਸਿੰਘ ਚੀਮਾ ਅਤੇ ਸਾਬਕਾ ਹਾਕੀ ਓਲੰਪੀਅਨ ਅਤੇ ਅਰਜੁਨ ਐਵਾਰਡੀ ਗੁਰਮੇਲ ਸਿੰਘ ਨੇ ਵੀ ਕਿਸਾਨਾਂ ਦਾ ਸਾਥ ਦੇਣ ਲਈ ਆਵਾਜ਼ ਚੁੱਕੀ ਹੈ। ਇਨ੍ਹਾਂ ਨੇ ਕਿਹਾ ਕਿ ਜੇਕਰ ਸਾਡੇ ਆਗੂਆਂ ਦੀ ਪੱਗ ਅਤੇ ਮਾਣ ਹੀ ਸੁਰੱਖੀਅਤ ਨਹੀਂ ਤਾਂ ਇਹ ਸਨਮਾਨ ਦੇ ਐਵਾਰਡ ਸਾਡੇ ਕਿਸੇ ਕੰਮ ਦੇ ਨਹੀਂ।