
ਏਅਰਪੋਰਟ ਰੋਡ 'ਤੇ ਧਰਨਾ ਦੇਣ ਕਰਕੇ ਹੋਈ ਕਾਰਵਾਈ
ਮੁਹਾਲੀ ਪੁਲਿਸ ਨੇ ਅਕਾਲੀ ਦਲ ਦੇ ਲੀਡਰ ਪਰਵਿੰਦਰ ਸਿੰਘ ਸੋਹਾਣਾ ਦੇ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਇਹ ਐੱਫਆਈਆਰ ਪਰਵਿੰਦਰ ਸਿੰਘ ਸੋਹਾਣਾ ਖ਼ਿਲਾਫ਼ ਮੁਹਾਲੀ ਦੇ ਪਿੰਡ ਕੁੰਭੜਾ ’ਚ ਹੋਏ ਹਮਲੇ ਦੌਰਾਨ ਕਤਲ ਹੋਏ ਦੋ ਬੱਚਿਆਂ ਦੇ ਹੱਕ ’ਚ ਧਰਨੇ ਵਿਚ ਸ਼ਾਮਲ ਹੋਣ ਕਾਰਨ ਕੀਤੀ ਗਈ ਹੈ।
ਇਸ ਸਬੰਧੀ ਵਿਚ ਐੱਫਆਈਆਰ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਪੁਲਿਸ ਦਾ ਏਐੱਸਆਈ ਦੋ ਸਿਪਾਹੀਆਂ ਸਮੇਤ 68-69 ਦੀਆਂ ਟ੍ਰੈਫਿਕ ਲਾਈਟਾਂ ਉੱਤੇ ਟ੍ਰੈਫਿਕ ਕੰਟਰੋਲ ਕਰ ਰਿਹਾ ਸੀ ਤਾਂ ਮੁਖ਼ਬਰ ਖ਼ਾਸ ਨੇ ਦੱਸਿਆ ਕਿ ਸੈਕਟਰ 68-69 ਟ੍ਰੈਫਿਕ ਲਾਈਟਾਂ ਏਅਰਪੋਰਟ ਰੋਡ ਦੇ ਵਿਚਕਾਰ ਪਰਵਿੰਦਰ ਸਿੰਘ ਬੈਦਵਾਨ ਹਲਕਾ ਯੂਥ ਪ੍ਰਧਾਨ ਸੋਹਾਣਾ ਅਤੇ ਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕੁੰਭੜਾ, ਪ੍ਰਧਾਨ ਰੇਹੜੀ ਫੜੀ ਯੂਨੀਅਨ ਸਮੇਤ ਹੋਰ ਅਣਪਛਾਤੇ ਵਿਅਕਤੀਆਂ ਨੇ ਪਿੰਡ ਕੁੰਭੜਾ ਵਿਖੇ ਨੌਜਵਾਨ ਦਮਨ ਦੀ ਮੌਤ ਸਬੰਧੀ ਇਕੱਠੇ ਹੋਏ ਭੋਲੇਭਾਲੇ ਲੋਕਾਂ ਨੂੰ ਗੁਮਰਾਹ ਕਰਕੇ ਅਤੇ ਭੜਕਾ ਕੇ ਮੁੱਖ ਮਾਰਗ ’ਤੇ ਲਿਆ ਕੇ ਖ਼ਤਰਨਾਕ ਤਰੀਕੇ ਨਾਲ ਮੁੱਖ ਮਾਰਗ ਦੀ ਆਵਾਜਾਈ ’ਚ ਵਿਘਨ ਪਾਇਆ ਹੈ।
ਇਸ ਵਿਘਨ ਨਾਲ ਆਮ ਲੋਕਾਂ ਦੀ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਸੀ। ਜਿਸ ਦੇ ਤਹਿਤ ਮੁਹਾਲੀ ਪੁਲਿਸ ਵਲੋਂ ਉਕਤ ਮਾਮਲੇ ’ਚ ਕਾਰਵਾਈ ਕੀਤੀ ਗਈ ਹੈ।