
ਨਵੇਂ ਸਾਲ ਦੀ ਖ਼ੁਸ਼ੀ : ਕੀਵੀ ਇੰਡੀਅਨ ਕਲੱਬ ਵਲੋਂ ਕਰਵਾਇਆ ਗਿਆ ‘ਕੀਵੀਆਂ ਦਾ ਰੌਣਕ ਮੇਲਾ’
ਆਕਲੈਂਡ, 1 ਜਨਵਰੀ, (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਦੁਨੀਆ ਦੇ ਨਕਸ਼ੇ ਉਤੇ ਬਿਲਕੁਲ ਸਿਰੇ ਉਤੇ ਵਸਿਆ ਛੋਟਾ ਜਿਹਾ ਵਿਕਸਤ ਦੇਸ਼ ਹੈ ਅਤੇ ਇਸਨੇ ਜਿੱਥੇ ਕਰੋਨਾ ਉਤੇ ਇਕ ਤਰ੍ਹਾਂ ਨਾਲ ਕਬਜ਼ਾ ਕਰਕੇ ਦੁਨੀਆ ਦਾ ਧਿਆਨ ਆਪਣੇ ਵੱਲ ਖਿਚਿਆ ਉਥੇ ਇਸ ਦੇਸ਼ ਦੇ ਵਿਚ ਸਾਰਿਆਂ ਦਾ ਪਹਿਲਾ ਸੂਰਜ ਚੜ੍ਹਦਾ ਹੈ। ਅੱਜ ਨਵੇਂ ਸਾਲ 2021 ਦਾ ਪਹਿਲਾ ਦਿਨ ਸੀ ਅਤੇ ਇਥੇ ਵਸਦੇ ਭਾਰਤੀ ਕੀਵੀਆਂ ਨੇ ‘ਕੀਵੀਆਂ ਦਾ ਰੌਣਕ ਮੇਲਾ’ ਲਾ ਕੇ ਚੜ੍ਹਦੇ ਸਾਲ ਹੀ ਅਰਦਾਸ, ਗੀਤਾਂ, ਗਿੱਧੇ-ਭੰਗੜੇ, ਕਵਿਤਾਵਾਂ, ਗਜ਼ਲਾਂ, ਬਾਲੀਵੁੱਡ ਡਾਂਸ, ਚੁੱਟਕਲੇ ਅਤੇ ਨਵੇਂ ਸਾਲ ਦੇ ਸੁੱਖ ਸੁਨੇਹੇ ਦੇ ਕੇ ਖੁਸ਼ੀਆਂ ਵੰਡ ਦਿੱਤੀਆਂ। ਨਵ ਗਠਿਤ ‘ਕੀਵੀ ਇੰਡੀਅਨ ਕਲੱਬ’ ਨੇ ਅੱਜ ਆਪਣਾ ਪਹਿਲਾ ਉਦਮ ‘ਸਾਂਝ ਸਪੋਰਟਸ ਐਂਡ ਕਲਚਰਲ ਕਲੱਬ’,‘ਦਾ ਏਸ਼ੀਅਨ ਨੈਟਵਰਕ’, ‘ਵਲੰਟੀਅਰ ਲਾਅ ਐਸੋਸੀਏਟਸ ਆਫ ਇੰਡੀਆ-ਨਿਊਜ਼ੀਲੈਂਡ’ ਅਤੇ ‘ਪੁੱਸ਼ ਇੰਡੀਅਨਜ਼ ਕਮਿਊਨਿਟੀ ਲਾਈਫ ਡਿਵੈਲਪਮੈਂਟ ਟ੍ਰਸਟ’ ਦੇ ਸਹਿਯੋਗ ਨਾਲ ਕੀਤਾ।
ਅੱਜ ਸ਼ਾਮ ਪੰਜਾਬੀਆਂ ਦੇ ਗੜ੍ਹ ਪਾਪਾਟੋਏਟੋਏ ਟਾਊਨ ਹਾਲ ’ਚ ਸ਼ਾਮ 6.30 ਵਜੇ ਤੋਂ ਰਾਤ 10 ਵਜੇ ਤੱਕ ‘ਕੀਵੀਆਂ ਦਾ ਰੌਣਕ ਮੇਲਾ’ ਕਰਵਾਇਆ ਗਿਆ। ਇਸ ਰੌਣਕ ਮੇਲੇ ਦੀ ਸ਼ੁਰੂਆਤ ਸ. ਅਰੁਣਜੀਵ ਸਿੰਘ ਵਾਲੀਆ ਨੇ ਸਾਰਿਆਂ ਨੂੰ ਜੀ ਆਇਆਂ ਆਖ ਕੇ ਕੀਤੀ। ਫਿਰ ਚੇਅਰਮੈਨ ਸ. ਜੋਗਾ ਸਿੰਘ ਨੇ ਸੰਬੋਧਨ ਕੀਤਾ। ਕਲੱਬ ਦੀ ਪ੍ਰਧਾਨ ਰਿਤੂ ਸ਼ਰਮਾ ਨੇ ਸਵਾਗਤ ਕਰਦਿਆਂ ਨਵੇਂ ਸਾਲ ਦਾ ਸੁਨੇਹਾ ਦਿੱਤਾ ਅਤੇ ਨਾਲ ਹੀ ਪਰਮਿੰਦਰ ਕੌਰ ਦੇ ਨਾਲ ਰਲ ਕੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਗਣੇਸ਼ ਵੰਦਨਾ ਤਨੀਸ਼ਾ ਮਲਹੋਤਰਾ ਵੱਲੋਂ ਕੀਤੀ ਗਈ। ਮਹਾਰਾਣੀ ਅਤੇ ਪ੍ਰਧਾਨ ਮੰਤਰੀ ਦੀ ਤਰਜ਼ ਉਤੇ ਨਵੇਂ ਸਾਲ ਨੂੰ ਜੀ ਆਇਆਂ ਆਖਿਆ ਗਿਆ।
ਇਸ ਤੋਂ ਬਾਅਦ ਸਟੇਜ ਦਾ ਰੰਗਾ-ਰੰਗ ਪ੍ਰੋਗਰਾਮ ਸ਼ੁਰੂ ਹੋ ਗਿਆ ਜਿਸ ਦੇ ਵਿਚ ਜਯੋਤੀ ਸਿੰਘ, ਤਨਵੀ ਸਭਰਵਾਲ, ਕਿਰਨਜੀਤ ਸਿੰਘ, ਸਮਾਇਰਾ ਮਹਿਮੀ, ਰਾਜੀਵ ਮਲਹੋਤਰਾ, ਧਰਮਪਾਲ ਕੌਸ਼ਿਲ, ਰਾਜਨਦੀਪ ਕੌਰ ਵੱਲੋਂ ਪੰਜਾਬੀ ਗੀਤ ਪੇਸ਼ ਕੀਤੇ ਗਏ। ਨਿ੍ਰਤ ਪੇਸ਼ਕਾਰੀ ਦੇ ਵਿਚ ਤਰਨਪ੍ਰੀਤ ਕੌਰ, ਸ਼ਰਨਜੀਤ ਕੌਰ, ਪਰਮਿੰਦਰ ਕੌਰ-ਸੁਖਵਿੰਦਰ ਕੌਰ, ਜੈਸਮਿਨ ਕੌਰ, ਏਕਮਜੋਤ ਕੋਹਲੀ, ਅੰਜਲੀ ਰਾਣੀ ਨੇ ਖੂਬ ਧਮਾਲ ਪਾਈ। ਬਾਲੀਵੁੱਡ ਗੀਤ ਰੋਹਨ ਮਹੇ, ਮੋਹਿੰਦਰ ਸਿੰਘ ਚੱਢਾ, ਮੋਹਿੰਦਰ ਸਿੰਘ ਬੇਦੀ ਨੇ ਪੇਸ਼ ਕੀਤੇ। ਲੋਕ ਗੀਤ ਤਵਲੀਨ ਕੌਰ-ਰਿਤਿਕਾ ਗੁਰਲੀਨ ਕੌਰ ਵੱਲੋਂ ਪੇਸ਼ ਹੋਇਆ ਜਦ ਕਿ ਕਵਿਤਾ ਧਰਮਪਾਲ ਕੌਸ਼ਿਲ ਨੇ ਪੇਸ਼ ਕੀਤੀ। ਦਵਿੰਦਰ ਰਾਹਲ ਵੱਲੋਂ ਚੁੱਟਕਲੇ ਸੁਣਾਏ ਗਏ। ਸਟੇਜ ਸੰਚਾਲਨ ਦੇ ਵਿਚ ਰਾਜੀਵ ਮਹਿਰੋਤਰਾ ਨੇ ਵੀ ਸਹਿਯੋਗ ਦਿੱਤਾ। ਰੌਣਕ ਮੇਲੇ ਦੇ ਸਿਖਰ ਉਤੇ ਸਾਂਸ਼ ਸਪੋਰਟਸ ਐਂਡ ਕਲਚਰਲ ਕਲੱਬ ਦੀ ਟੀਮ ਵੱਲੋਂ ਭੰਗੜਾ, ਕੀਵੀ ਇੰਡੀਅਨ ਕਲੱਬ ਅਤੇ ਸੋਸ਼ਲ ਕਲੱਬ ਨਿਊਜ਼ੀਲੈਂਡ ਵੱਲੋਂ ਗਿੱਧੇ ਦੇ ਨਾਲ ਪੂਰੇ ਹਾਲ ਨੂੰ ਗੂੰਜਾ ਦਿੱਤਾ। ਮੋਹਿੰਦਰ ਚੱਢਾ ਅਤੇ ਗੁਲਸ਼ਨ ਚੱਢਾ ਨੇ ਪੰਜਾਬੀ ਟੱਪੇ ਪੇਸ਼ ਕੀਤੇ। ਪਾਪਾਕੁਰਾ ਮੈਡੀਟੇਸ਼ਨ ਸੈਂਟਰ ਤੋਂ ਇਸ ਮੌਕੇ ਸੰਦੇਸ਼ ਵੀ ਸਰੋਤਿਆਂ ਲਈ ਜਾਰੀ ਕੀਤਾ ਗਿਆ। ਇਸ ਦੇ ਨਾਲ ਹੀ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ, ਜਿਸ ਵਿਚ ਸ. ਅਜੀਤਪਾਲ ਸਿੰਘ ਬਸਰਾ ਨਿਊਜ਼ੀਲੈਂਡ ਪੁਲਿਸ, ਕਮਿਊਨਿਟੀ ਸੇਵਾ ਲਈ ਸ. ਪਿ੍ਰਥੀਪਾਲ ਸਿੰਘ ਬਸਰਾ, ਏਥਨਿਕ ਮੀਡੀਆ ਵਜੋਂ ਸ. ਹਰਜਿੰਦਰ ਸਿੰਘ ਬਸਿਆਲਾ, ਉਮਰਾਂ ਨੂੰ ਛੋਟਾ ਕਰਕੇ ਸੋਨੇ ਦੇ ਤਮਗੇ ਜਿੱਤਣ ਲਈ ਸ. ਜਗਜੀਤ ਸਿੰਘ ਕਥੂਰੀਆ, ਸਮਾਜਿਕ ਕਾਰਜਾਂ ਲਈ ਸ੍ਰੀ ਹਿਮੰਸ਼ੂ ਭੱਟ ਅਤੇ ਆਈ. ਟੀ. ਨੌਜਵਾਨ ਸ. ਗੁਰਸਿਮਰਨ ਸਿੰਘ ਆਹਲੂਵਾਲੀਆ ਸ਼ਾਮਲ ਰਹੇ।
ਕਲੱਬ ਦੇ ਚੇਅਰਮੈਨ ਅਤੇ ਸ. ਅਰੁਣਜੀਵ ਸਿੰਘ ਵਾਲੀਆ ਨੇ ਸਨਮਾਨਿਤ ਸਖਸ਼ੀਅਤਾਂ ਨੂੰ ਟ੍ਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਸਪਾਂਸਰਜ਼ ਅਤੇ ਵਲੰਟੀਅਰਜ ਨੂੰ ਵੀ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ। ਵਾਤਾਵਰਣ ਸੰਭਾਲ ਦੇ ਲਈ 200 ਫਲਦਾਰ ਅਤੇ ਨੇਟਿਵ ਪੌਦੇ ਵੀ ਦਰਸ਼ਕਾਂ ਨੂੰ ਭੇਟ ਕੀਤੇ ਗਏ। ਅੰਤ ਇਹ ‘ਕੀਵੀਆਂ ਦਾ ਰੌਣਕ ਮੇਲਾ’ ਪਹਿਲੀ ਵਾਰ ਵੀ ਆਪਣਾ ਪ੍ਰਭਾਵਸ਼ਾਲੀ ਪ੍ਰਭਾਵ ਛੱਡਦਾ ਹੋਇਆ ਕਈ ਯਾਦਗਾਰੀ ਪਲਾਂ ਨੂੰ ਜਨਮ ਦੇ ਗਿਆ।
ਕੀਵੀਆਂ ਦਾ ਰੌਣਕ ਮੇਲਾ ਤਸਵੀਰਾਂ ਦੀ ਜ਼ੁਬਾਨੀ