
ਮੋਗਾ ਦੇ 10 ਅਪਾਹਜ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਈ-ਰਿਕਸ਼ਾ ਵੀ ਵੰਡੇ।
ਮੋਗਾ - ਅਦਾਕਾਰ ਅਤੇ ਸਮਾਜ ਸੇਵੀ ਸੋਨੂੰ ਸੂਦ ਨੇ ਅੱਜ ਮੋਗਾ ਵਿਚ ਪ੍ਰੈਸ ਕਾਨਫ਼ਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਵੀ ਸ਼ਾਮਲ ਸੀ। ਪ੍ਰੈੱਸ ਕਾਨਫਰੰਸ ਕਰਦੇ ਹੋਏ ਉਨ੍ਹਾਂ ਕਿਹਾ ਕਿ ਮਾਲਵਿਕਾ ਅਤੇ ਉਨ੍ਹਾਂ ਦਾ ਪਰਿਵਾਰ ਇਕ ਹਫਤੇ 'ਚ ਚੋਣ ਰਣਨੀਤੀ ਅਤੇ ਪਾਰਟੀ ਦਾ ਐਲਾਨ ਕਰੇਗਾ, ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਮੋਗਾ ਲਈ ਕੰਮ ਕਰਦੇ ਰਹੇ ਹਨ ਅਤੇ ਕਰਦੇ ਰਹਿਣਗੇ। ਪਰ ਇਹ ਦੇਖਣਯੋਗ ਹੈ ਕਿ ਸੋਨੂੰ ਸੂਦ ਖ਼ੁਦ ਕੋਈ ਪਾਰਟੀ ਬਣਾਉਂਦੇ ਹਨ ਜਾਂ ਨਹੀਂ। ਅੱਜ ਸੋਨੂੰ ਸੂਦ ਨੇ ਮੋਗਾ ਦੇ 10 ਅਪਾਹਜ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਈ-ਰਿਕਸ਼ਾ ਵੀ ਵੰਡੇ।
Sonu Sood
ਰਾਜਨੀਤੀ ਵਿੱਚ ਆਉਣ ਦੇ ਸਵਾਲ ਉੱਤੇ ਉਨ੍ਹਾਂ ਕਿਹਾ ਕਿ ਉਹ ਰਾਜਨੀਤੀ ਵਿਚ ਨਹੀਂ ਆ ਰਹੇ ਹਨ। ਉਨ੍ਹਾਂ ਦੀ ਭੈਣ ਮਾਲਵਿਕਾ ਰਾਜਨੀਤੀ ਵਿਚ ਹੈ ਕਿਉਂਕਿ ਰਾਜਨੀਤੀ ਜ਼ਰੂਰੀ ਨਹੀਂ ਹੈ ਲੋਕਾਂ ਦੇ ਮੁੱਦੇ ਜ਼ਰੂਰੀ ਹਨ। ਉਨ੍ਹਾਂ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਿਚ ਸ਼ਾਮਲ ਹੋਣ ਦੀਆਂ ਚਰਚਾਵਾਂ ਨੂੰ ਵੀ ਬੇਬੁਨਿਆਦ ਕਰਾਰ ਦਿੱਤਾ। ਸੇਵਾ ਰਾਹੀਂ ਰਾਜਨੀਤੀ ਕਰਨ ਦੇ ਸਵਾਲ 'ਤੇ ਸੋਨੂੰ ਸੂਦ ਨੇ ਕਿਹਾ ਕਿ ਉਹ ਜਦੋਂ ਵੀ ਕੋਰੋਨਾ ਤੋਂ ਪਹਿਲਾਂ ਮੋਗਾ ਆਏ ਤਾਂ ਉਨ੍ਹਾਂ ਨੇ ਸ਼ਹਿਰ ਦੀਆਂ ਕਈ ਲੜਕੀਆਂ ਨੂੰ ਦੂਰ-ਦੂਰ ਤੱਕ ਪੈਦਲ ਸਕੂਲ ਜਾਂਦੇ ਦੇਖਿਆ। ਉਸ ਸਮੇਂ ਨਾ ਤਾਂ ਚੋਣਾਂ ਸੀ ਅਤੇ ਨਾ ਹੀ ਕੋਰੋਨਾ ਦਾ ਦੌਰ। ਉਦੋਂ ਵੀ ਉਹਨਾਂ ਨੇ 50 ਸਾਈਕਲ ਵੰਡੇ ਸਨ।
Sonu Sood
ਸੋਨੂੰ ਸੂਦ ਨੇ ਕਿਹਾ ਕਿ ਸੇਵਾ ਸੂਦ ਪਰਿਵਾਰ ਵਿਚ ਜਨਮ ਤੋਂ ਹੀ ਵਸੀ ਹੋਈ ਹੈ। ਮਾਤਾ ਪ੍ਰੋਫ਼ੈਸਰ ਸਰੋਜ ਸੂਦ ਦੇ ਅਕਾਲ ਚਲਾਣੇ ਤੋਂ ਬਾਅਦ ਮੋਗਾ ਸ਼ਹਿਰ ਨੂੰ ਇੱਕ ਆਦਰਸ਼ ਸ਼ਹਿਰ ਬਣਾਉਣ ਦਾ ਸੰਕਲਪ ਲਿਆ ਸੀ ਅਤੇ ਉਸ ਸਮੇਂ ਤੋਂ ਹੀ ਉਹ ਲਗਾਤਾਰ ਯੋਜਨਾਵਾਂ ਬਣਾ ਕੇ ਲੋੜਵੰਦਾਂ ਦੀ ਮਦਦ ਕਰ ਰਹੇ ਹਨ। ਉਸ ਸਮੇਂ ਕਦੇ ਸੋਚਿਆ ਵੀ ਨਹੀਂ ਸੀ ਕਿ ਪਰਿਵਾਰ ਦਾ ਕੋਈ ਮੈਂਬਰ ਰਾਜਨੀਤੀ ਵਿਚ ਆਵੇਗਾ।
Sonu Sood
ਫ਼ਿਲਮ ਅਦਾਕਾਰ ਸੋਨੂੰ ਸੂਦ ਨੇ ਕਿਹਾ ਕਿ ਮਥੁਰਾਦਾਸ ਸਿਵਲ ਹਸਪਤਾਲ ਵਿਚ ਸੀਟੀ ਸਕੈਨ ਮਸ਼ੀਨ ਵੀ ਉਪਲੱਬਧ ਨਹੀਂ ਹੈ, ਜਿਸ ਕਾਰਨ ਗਰੀਬ ਲੋਕ ਆਪਣੀ ਬਿਮਾਰੀ ਦੀ ਜਾਂਚ ਨਹੀਂ ਕਰਵਾ ਪਾਉਂਦੇ। ਇਸ ਸਬੰਧੀ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਆਪਣੇ ਖਰਚੇ ’ਤੇ ਸਰਕਾਰ ਨੂੰ ਸੀਟੀ ਸਕੈਨ ਮਸ਼ੀਨ ਦੇਣ ਦੀ ਪੇਸ਼ਕਸ਼ ਕੀਤੀ। 6 ਮਹੀਨੇ ਹੋ ਗਏ ਹਨ ਅਜੇ ਤੱਕ ਇਸ ਦੀ ਸਰਕਾਰੀ ਰਸਮ ਪੂਰੀ ਨਹੀਂ ਹੋਈ ਹੈ। ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਜਾਪਦਾ ਸੀ ਕਿ ਰਾਜਨੀਤੀ ਵਿਚ ਆ ਕੇ ਅਸੀਂ ਸੇਵਾ ਦੇ ਕੰਮ ਨੂੰ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾ ਸਕਾਂਗੇ।
ਇਹੀ ਮਕਸਦ ਹੈ, ਸਿਆਸਤ ਵਿਚ ਆਉਣ ਦਾ ਇਸ ਤੋਂ ਇਲਾਵਾ ਹੋਰ ਕੁਝ ਨਹੀਂ। ਸੋਨੂੰ ਸੂਦ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਚੰਗੀਆਂ ਹਨ ਪਰ ਅਸੀਂ ਇਹ ਦੇਖ ਰਹੇ ਹਾਂ ਕਿ ਉਹਨਾਂ ਦੇ ਅੰਦਰ ਦੀ ਜੋ ਸੇਵਾ ਹੈ ਉਸ ਵਿਚ ਕਿਹੜੀ ਪਾਰਟੀ ਮਦਦਰਗਾਰ ਸਾਬਿਤ ਹੁੰਦੀ ਹੈ। ਸੋਨੂੰ ਸੂਦ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਚੰਗੇ ਲੋਕਾਂ ਨੂੰ ਵੋਟ ਪਾਉਣ ਤਾਂਕਿ ਹਰ ਪਾਰਟੀ ਚੰਗੇ ਲੋਕਾਂ ਨੂੰ ਹੀ ਵੋਟ ਦੇਵੇ, ਤਾਂ ਹੀ ਦੇਸ਼ ਵਿਚ ਸਿਸਟਮ ਬਦਲੇਗਾ।
Sonu Sood
ਇਸ ਮੌਕੇ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੇ ਕਿਹਾ ਕਿ ਉਦੇਸ਼ ਇੱਕੋ ਹੈ ਕਿ ਇਨ੍ਹਾਂ ਤਿੰਨਾਂ ਸਾਧਨਾਂ ਸਿਹਤ, ਰੁਜ਼ਗਾਰ ਅਤੇ ਸਿੱਖਿਆ ਦੇ ਆਧਾਰ 'ਤੇ ਸਮਾਜ ਦੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਪੜ੍ਹੇ-ਲਿਖੇ, ਆਤਮ ਨਿਰਭਰ ਅਤੇ ਸਿਹਤਮੰਦ ਬਣਾਇਆ ਜਾਵੇ, ਕਿਉਂਕਿ ਇਹੀ ਅੱਜ ਦੇ ਸਮਾਜ ਦੀ ਸਭ ਤੋਂ ਵੱਡੀ ਸਮੱਸਿਆ ਹੈ। ਅਸੀਂ ਹੁਣ ਇਸੇ ਰਾਹ 'ਤੇ ਚੱਲ ਰਹੇ ਹਾਂ, ਅੱਗੇ ਵੀ ਚੱਲਦੇ ਰਹਾਂਗੇ। ਇਸ ਮੌਕੇ ਮਾਲਵਿਕਾ ਸੂਦ ਦੇ ਪਤੀ ਗੌਤਮ ਸੱਚਰ ਵੀ ਮੌਜੂਦ ਸਨ।