
ਪੰਜਾਬ ਕੋਰੋਨਾ ਦੀ ਤੀਜੀ ਲਹਿਰ ਜਾਂ ਓਮੀਕਰੋਨ ਦੇ ਖ਼ਤਰੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ : ਚੰਨੀ
ਚਮਕੌਰ ਸਾਹਿਬ, 2 ਜਨਵਰੀ (ਲੱਖਾ) : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਨਵੇਂ ਸਾਲ ਮੌਕੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਮੁੱਖ ਮੰਤਰੀ ਚੰਨੀ ਨੇ ਚਮਕੌਰ ਸਾਹਿਬ ਦੇ ਲੋਕਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦਿਆਂ ਚਮਕੌਰ ਸਾਹਿਬ ਵਿਖੇ ਸਿਟੀ ਸੈਂਟਰ ਦਾ ਉਦਘਾਟਨ ਕਰ ਕੇ ਲੋਕ ਅਰਪਣ ਕੀਤਾ। ਇਸ ਤੋਂ ਬਾਅਦ ਸ. ਚੰਨੀ ਨੇ ਇਥੋਂ ਦੇ ਸਰਕਾਰੀ ਹਸਪਤਾਲ ਵਿਖੇ 200 ਐਲਪੀਐਮ ਪੀਸੀਏ ਆਕਸੀਜਨ ਜਨਰੇਸ਼ਨ ਪਲਾਂਟ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੰਜਾਬ ਕੋਰੋਨਾ ਦੀ ਤੀਜੀ ਲਹਿਰ ਜਾਂ ਓਮੀਕਰੋਨ ਦੇ ਖ਼ਤਰੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਉਨ੍ਹਾਂ ਕੇਜਰੀਵਾਲ ਦਾ ਦਿੱਲੀ ਹੈਲਥ ਮਾਡਲ ਕਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਪੂਰੀ ਤਰ੍ਹਾਂ ਫ਼ੇਲ੍ਹ ਹੋਣ ਸਬੰਧੀ ਕਿਹਾ ਕਿ ਕੇਜਰੀਵਾਲ ਪੰਜਾਬ ਵਿਚ ਦਿੱਲੀ ਸਿਹਤ ਅਤੇ ਸਿਖਿਆ ਮਾਡਲਾਂ ਦੇ ਅਜਿਹੇ ਝੂਠੇ ਵਾਅਦੇ ਕਰ ਰਿਹਾ ਹੈ, ਪਰ ਪੰਜਾਬ ਦੇ ਸੂਝਵਾਨ ਲੋਕ ਉਸ ਦੇ ਇਨ੍ਹਾਂ ਝਾਂਸਿਆਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਕਿਉਂਕਿ ਹੁਣ ਲੋਕ ਸਮਝ ਚੁੱਕੇ ਹਨ ਕਿ ਜਿਹੜਾ ਵਿਅਕਤੀ ਦਿੱਲੀ ਵਰਗੇ ਸ਼ਹਿਰ ਨੂੰ ਸਹੀ ਢੰਗ ਨਾਲ ਸੰਭਾਲ ਨਹੀਂ ਸਕਿਆ, ਉਹ ਪੰਜਾਬ ਨੂੰ ਕਿਵੇਂ ਚਲਾਏਗਾ। ਚੰਨੀ ਨੇ ਕਿਹਾ ਕਿ ਉਹ ਇਸ ਧਾਰਮਕ ਨਗਰੀ ਤੋਂ ਸੂਬੇ ਦੇ ਨੌਜਵਾਨਾਂ ਨੂੰ ਖੇਡ ਸਭਿਆਚਾਰ ਲਈ ਉਤਸ਼ਾਹਤ ਕਰਨ ਅਤੇ ਉਨ੍ਹਾਂ ਨੂੰ ਖੇਡਾਂ ਵਲ ਪ੍ਰੇਰਿਤ ਕਰਨ ਲਈ 2 ਹਾਕੀ ਸਟੇਡੀਅਮਾਂ ਤੇ 5 ਫੁਟਬਾਲ ਸਟੇਡੀਅਮਾਂ ਲਈ 7 ਆਰਟੀਫੀਸ਼ਲ ਟਰਫ ਵਿਛਾਉਣ ਦੀ ਮਨਜ਼ੂਰੀ ਦਿੰਦੇ ਹਨ। ਇਨ੍ਹਾਂ ਸਟੇਡੀਅਮਾਂ ਲਈ ਐਸਟ੍ਰੋਟਰਫਾਂ ਦੀ ਇਸ ਸਹੂਲਤ ਦਾ ਚਮਕੌਰ ਸਾਹਿਬ, ਪਿੰਡ ਮਹਿਤੋਤ, ਢੰਗਰਾਲੀ, ਕਕਰਾਲੀ, ਬਲਮਗੜ੍ਹ ਮੰਦਵਾੜਾ ਅਤੇ ਬਹਿਰਾਮਪੁਰ ਜਿਮੀਦਾਰਾਂ ਸਮੇਤ ਖਰੜ ਸ਼ਹਿਰ ਨੂੰ ਭਰਪੂਰ ਲਾਭ ਹੋਵੇਗਾ ਅਤੇ ਇਨ੍ਹਾਂ ਤੇ 5.50 ਕਰੋੜ ਰੁਪਏ ਦੀ ਲਾਗਤ ਆਵੇਗੀ।
ਸੈਰ ਸਪਾਟਾ ਵਿਭਾਗ ਦੇ ਐਕਸੀਅਨ ਬੀਐਸ ਚਾਨਾ ਅਤੇ ਐਸਡੀਓ ਸੁਰਿੰਦਰਪਾਲ ਸਿੰਘ ਨੇ ਦਸਿਆ ਕਿ ਮੁੱਖ ਮੰਤਰੀ ਚੰਨੀ ਵਲੋਂ ਉਦਘਾਟਨ ਕੀਤੇ ਗਏ 5.60 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਸਿਟੀ ਸੈਂਟਰ 4 ਏਕੜ ਜ਼ਮੀਨ ਵਿਚ ਫੈਲਿਆ ਹੋਇਆ ਹੈ। ਇਸ ਸੈਂਟਰ ਵਿਚ ਕੈਫੇਟੇਰੀਆ, ਲੜਕੀਆਂ ਲਈ ਜਿੰਮ, 2 ਬਹੁਮੰਤਵੀ ਹਾਲ ਅਤੇ ਵਿਸ਼ੇਸ਼ ਤੌਰ ਤੇ ਲੜਕੀਆਂ ਲਈ 2 ਏਕੜ ਵਿਚ ਖੇਡ ਦੇ ਮੈਦਾਨ ਦਾ ਪ੍ਰਬੰਧ ਹੈ, ਉੱਥੇ ਹੀ ਇਸ ਸਿਟੀ ਸੈਂਟਰ ਨੂੰ ਲੋਕਾਂ ਦੇ ਜਨਤਕ ਇਕੱਠਾਂ ਲਈ ਵੀ ਵਰਤਿਆ ਜਾ ਸਕੇਗਾ।
ਇਸ ਮੌਕੇ ਵਧੀਕ ਮੁੱਖ ਸਕੱਤਰ ਸੰਜੇ ਕੁਮਾਰ, ਸੈਰ ਸਪਾਟਾ ਵਿਭਾਗ ਦੇ ਡਾਇਰੈਕਟਰ ਕਮਲਪ੍ਰੀਤ ਕੌਰ ਬਰਾੜ, ਐਡੀਸ਼ਨਲ ਡਿਪਟੀ ਪ੍ਰਿੰਸੀਪਲ ਸਕੱਤਰ ਮਨਕੰਵਲ ਸਿੰਗ ਚਾਹਲ, ਡਿਪਟੀ ਕਮਿਸ਼ਨਰ ਸੋਨਾਲੀ ਗਿਰੀ, ਜ਼ਿਲ੍ਹਾ ਪੁਲਿਸ ਮੁਖੀ ਵਿਵੇਕ ਸੋਨੀ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੀਪੀ ਸਿੰਘ ਸਮੇਤ ਹੋਰ ਵੀ ਅਧਿਕਾਰੀ ਹਾਜ਼ਰ ਸਨ।
ਫੋਟੋ ਰੋਪੜ-2-03 ਤੋਂ ਪ੍ਰਾਪਤ ਕਰੋ ਜੀ।
ਕੈਪਸ਼ਨ: