
ਜੇ ਸਿੱਧੂ ਨੂੰ ਮੇਰਾ ਗ੍ਰਹਿ ਮੰਤਰਾਲਾ ਹੀ ਚਾਹੀਦਾ ਹੈ ਤਾਂ ਮੈਂ ਖ਼ੁਦ ਜਾ ਕੇ ਉਸ ਦੇ ਪੈਰਾਂ ਵਿਚ ਰੱਖ ਦਿਆਂਗਾ।
ਚੰਡੀਗੜ੍ਹ - ਪੰਜਾਬ ਦੇ ਗ੍ਰਹਿ ਮੰਤਰੀ ਤੇ ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਅੱਜ ਇਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਸੁਖਜਿੰਦਰ ਰੰਧਾਵਾ ਨੇ ਕਿਹਾ ਹੈ ਕਿ ਜਦੋਂ ਤੋਂ ਮੈਨੂੰ ਗ੍ਰਹਿ ਮੰਤਰੀ ਬਣਾਇਆ ਗਿਆ ਹੈ, ਸਿੱਧੂ ਮੇਰੇ ਨਾਲ ਨਾਰਾਜ਼ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਹਾਈਕਮਾਨ ਜਦੋਂ ਵੀ ਕਹੇਗਾ, ਮੈਂ ਆਪਣਾ ਮੰਤਰਾਲਾ ਛੱਡਣ ਲਈ ਤਿਆਰ ਹਾਂ। ਉਹਨਾਂ ਕਿਹਾ ਕਿ ਜੇ ਸਿੱਧੂ ਨੂੰ ਮੇਰਾ ਗ੍ਰਹਿ ਮੰਤਰਾਲਾ ਹੀ ਚਾਹੀਦਾ ਹੈ ਤਾਂ ਮੈਂ ਖ਼ੁਦ ਜਾ ਕੇ ਉਸ ਦੇ ਪੈਰਾਂ ਵਿਚ ਰੱਖ ਦਿਆਂਗਾ।
Sukhjinder Randhawa
ਗ੍ਰਹਿ ਮੰਤਰੀ ਨੇ ਕਿਹਾ ਕਿ ਮੇਰੇ ਲਈ ਪੰਜਾਬ ਸਭ ਤੋਂ ਪਹਿਲਾਂ ਹੈ ਤੇ ਇਸ ਦੀ ਖ਼ਾਤਰ ਮੈਂ ਮੰਤਰਾਲਾ ਵੀ ਛੱਡ ਦਿਆਂਗਾ। ਰੰਧਾਵਾ ਨੇ ਕਿਹਾ ਕਿ ਜੇ ਸਿੱਧੂ ਕਹਿਣ ਤਾਂ ਮੈਂ ਸਿਆਸਤ ਵੀ ਛੱਡਣ ਲਈ ਤਿਆਰ ਹਾਂ। ਰੰਧਾਵਾ ਨੇ ਨਵਜੋਤ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਉਹ ਬਹੁਤ ਜ਼ਿਆਦਾ ਇੱਛਾਵਾਦੀ ਹਨ। ਉਨ੍ਹਾਂ ਨੂੰ ਪਾਰਟੀ ਨੂੰ ਅੱਗੇ ਰੱਖਣਾ ਚਾਹੀਦਾ ਹੈ, ਨਾ ਕਿ ਮੈਂ ਇਹ ਕਰ ਦੇਵਾਂਗਾ ਜਾਂ ਉਹ ਕਰ ਦੇਵਾਂਗਾ, ਇੱਦਾਂ ਕਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਜ਼ਨ ਸਿਰਫ਼ ਇਕ ਵਿਅਕਤੀ ਦਾ ਨਹੀਂ ਸਗੋਂ ਪੂਰੀ ਪਾਰਟੀ ਦਾ ਹੁੰਦਾ ਹੈ।
Navjot Sidhu
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਣਨ ਨਾਲੋਂ ਪਾਰਟੀ ਪ੍ਰਧਾਨ ਬਣਨਾ ਕਿਤੇ ਉੱਪਰ ਹੁੰਦਾ ਹੈ ਤੇ ਇਹ ਬਹੁਤ ਮਾਣ ਵਾਲੀ ਗੱਲ ਵੀ ਹੁੰਦੀ ਹੈ। ਇਸ ਦੌਰਾਨ ਉਨ੍ਹਾਂ ਸਿੱਧੂ ਵੱਲੋਂ ਰੈਲੀਆਂ ’ਚ ਉਮੀਦਵਾਰ ਐਲਾਨਣ ’ਤੇ ਜ਼ੋਰਦਾਰ ਹਮਲਾ ਕਰਦਿਆਂ ਕਿਹਾ ਕਿ ਹਾਈਕਮਾਨ ਤੇ ਸਕ੍ਰੀਨਿੰਗ ਕਮੇਟੀਆਂ ਤੈਅ ਕਰਦੀਆਂ ਹਨ ਕਿ ਕਿਸ ਨੂੰ ਉਮੀਦਵਾਰ ਐਲਾਨਣਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ’ਚ ਸਟੇਜ ’ਤੇ ਚੜ੍ਹ ਕੇ ਉਮੀਦਵਾਰ ਨਹੀਂ ਐਲਾਨੇ ਜਾਂਦੇ ਜਿਵੇਂ ਬਾਕੀ ਪਾਰਟੀਆਂ ਜਿਵੇਂ ਆਪ ਤੇ ਅਕਾਲੀ ਦਲ ਕਰਦੀ ਹੈ।