ਕੋਹਲੀ ਨੂੰ ਦੇਰ ਰਾਤ ਅਦਾਲਤ 'ਚ ਕੀਤਾ ਗਿਆ ਪੇਸ਼, 328 ਪਾਵਨ ਸਰੂਪਾਂ ਦੇ ਮਾਮਲੇ 'ਚ ਹੋਈ ਗ੍ਰਿਫ਼ਤਾਰੀ
ਅੰਮ੍ਰਿਤਸਰ (ਬਹੋੜੂ): ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੀ. ਏ. ਸਤਿੰਦਰ ਸਿੰਘ ਕੋਹਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੇਰ ਰਾਤ ਪੁਲਿਸ ਨੇ ਕੋਹਲੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਿਥੇ ਅਦਾਲਤ ਨੇ ਪੁਲਿਸ ਨੂੰ ਕੋਹਲੀ ਦਾ ਛੇ ਦਿਨ ਦਾ ਰਿਮਾਂਡ ਦਿਤਾ ਹੈ।
ਜ਼ਿਕਰਯੋਗ ਹੈ ਕਿ ਕੋਹਲੀ ਸ਼੍ਰੋਮਣੀ ਕਮੇਟੀ ਦਾ ਸੀਏ ਰਹਿਣ ਤੋਂ ਇਲਾਵਾ ਸੁਖਬੀਰ ਬਾਦਲ ਦੇ ਸੀ.ਏ ਵੀ ਰਹੇ ਹਨ ਅਤੇ ਉਨ੍ਹਾਂ ਦੇ ਕਾਫ਼ੀ ਕਰੀਬੀ ਸਨ। ਕੋਹਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਡਿਟ ਨਾਲ ਸਬੰਧਤ ਕੰਮ ਵੀ ਦੇਖਦੇ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਘਪਲੇ ਮਾਮਲੇ ਵਿਚ ਪੁਲਿਸ ਵਲੋਂ ਇਹ ਪਹਿਲੀ ਗ੍ਰਿਫ਼ਤਾਰੀ ਕੀਤੀ ਗਈ ਹੈ।
ਦਸਣਯੋਗ ਹੈ ਕਿ ਅੰਮ੍ਰਿਤਸਰ ਪੁਲਿਸ ਨੇ ਸਤਿੰਦਰ ਸਿੰਘ ਸਮੇਤ 16 ਹੋਰ ਵਿਅਕਤੀਆਂ ਵਿਰੁਧ ਕੇਸ ਦਰਜ ਕੀਤਾ ਹੈ। ਸੂਤਰਾਂ ਮੁਤਾਬਕ ਸਤਿੰਦਰ ਸਿੰਘ ਕੋਹਲੀ ਦੀ ਗ੍ਰਿਫ਼ਤਾਰੀ 328 ਪਾਵਨ ਸਰੂਪ ਮਾਮਲੇ ਵਿਚ ਹੋਈ ਹੈ। ਕੋਹਲੀ ਦੀ ਗ੍ਰਿਫ਼ਤਾਰੀ ਚੰਡੀਗੜ੍ਹ ਦੇ ਇਕ ਹੋਟਲ ਤੋਂ ਕੀਤੀ ਗਈ ਹੈ। ਹੁਣ ਜਦੋਂ ਇਸ ਮਾਮਲੇ ਵਿਚ ਪਹਿਲੀ ਗ੍ਰਿਫ਼ਤਾਰੀ ਹੋਈ ਹੈ ਤਾਂ ਉਮੀਦ ਹੈ ਕਿ ਜਾਂਚ ਤੋਂ ਬਾਅਦ ਇਸ ਮਾਮਲੇ ਵਿਚ ਹੋਰ ਅਹਿਮ ਪ੍ਰਗਟਾਵੇ ਹੋ ਸਕਦੇ ਹਨ। ਪੁਲਿਸ ਵਲੋਂ ਐਸ.ਆਈ.ਟੀ. ਦਾ ਗਠਨ ਕੀਤਾ ਗਿਆ ਹੈ ਅਤੇ ਹੁਣ ਪੂਰੇ ਮਾਮਲੇ ਦੀ ਪੁਲਿਸ ਵਲੋਂ ਤੇਜ਼ੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਦਸਣਯੋਗ ਹੈ ਕਿ ਕੋਹਲੀ ਦੀ ਕੰਪਨੀ ਐਸਐਸ ਕੋਹਲੀ ਐਂਡ ਐਸੋਸੀਏਟ ਫ਼ਰਮ ਨੂੰ 2009 ’ਚ ਸ਼੍ਰੋਮਣੀ ਕਮੇਟੀ ਦੇ ਅੰਦਰੂਨੀ ਆਡਿਟ ਅਤੇ ਖਾਤਿਆਂ ਨੂੰ ਕੰਪਿਊਟਰਾਈਜ਼ ਕਰਨ ਅਤੇ ਉਸ ਦਾ ਕੰਮ ਦੇਖਣ ਲਈ 3.5 ਲੱਖ ਰੁਪਏ ਮਹੀਨੇ ਵਜੋਂ ਦਿਤੇ ਜਾਂਦੇ ਸਨ। ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੁਆਰਾ ਬਣਾਈ ਗਈ ਜਾਂਚ ਕਮੇਟੀ ਦੀ ਰਿਪੋਰਟ ’ਚ ਪਾਇਆ ਗਿਆ ਸੀ ਕਿ ਐਸਐਸ ਕੋਹਲੀ ਐਂਡ ਐਸੋਸੀਏਟ ਫ਼ਰਮ ਨੇ ਇਸ ਸਬੰਧੀ ਕੇਵਲ ਇਕ ਕੰਮ ਕੀਤਾ ਸੀ, ਜਦਕਿ ਉਸ ਨੂੰ ਚਾਰ ਕੰਮਾਂ ਲਈ ਪੈਸੇ ਅਦਾ ਕੀਤੇ ਗਏ ਸਨ। ਇਸ ਕਰ ਕੇ 2020 ’ਚ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਗਠਤ ਕੀਤੀ ਗਈ ਜਾਂਚ ਕਮੇਟੀ ਨੇ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕਰ ਦਿਤੀਆਂ ਸਨ ਅਤੇ ਨਾਲ ਹੀ ਫ਼ੈਸਲਾ ਦਿਤਾ ਸੀ ਕਿ ਉਨ੍ਹਾਂ ਵਲੋਂ ਵਸੂਲ ਕੀਤੀ ਗਈ ਭੁਗਤਾਨ ਵਿਚੋਂ ਕੁਲ 75 ਪ੍ਰਤੀਸ਼ਤ ਰਾਸ਼ੀ ਵਾਪਸ ਕਰਨੀ ਪਵੇਗੀ। ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦੇ ਗੁੰਮ ਹੋਣ ਦਾ ਮਾਮਲਾ ਸਾਲ 2020 ਵਿਚ ਪਹਿਲੀ ਵਾਰ ਲੋਕਾਂ ਸਾਹਮਣੇ ਆਇਆ।
