
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਪੋਕਸਮੈਨ ਨੂੰ ਵਿਸ਼ੇਸ਼ ਜਾਣਕਾਰੀ ਦਿੰਦਿਆਂ ਕਿਹਾ ਕਿ ਛੇਤੀ ਹੀ ਅਕਾਲੀ-ਭਾਜਪਾ....
ਧਨੌਲਾ : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਪੋਕਸਮੈਨ ਨੂੰ ਵਿਸ਼ੇਸ਼ ਜਾਣਕਾਰੀ ਦਿੰਦਿਆਂ ਕਿਹਾ ਕਿ ਛੇਤੀ ਹੀ ਅਕਾਲੀ-ਭਾਜਪਾ ਦਾ ਨਹੁੰ ਮਾਸ ਦਾ ਰਿਸ਼ਤਾ ਟੁਟ ਸਕਦਾ ਹੈ ਅਤੇ ਬਾਦਲ ਪ੍ਰਵਾਰ ਗੁਰੂਘਰਾਂ ਦੀ ਬਜਾਏ ਅਪਣਾ ਵਜੂਦ ਬਚਾਉਣ ਲਈ ਭਾਜਪਾ ਸਰਕਾਰ ਵਿਚ ਫ਼ੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਅਸਤੀਫ਼ਾ ਵੀ ਦਿਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪੂਰੇ ਦਸ ਸਾਲ ਤੋਂ ਅਸੀਂ ਆਰ.ਐਸ.ਐਸ. ਦੀਆਂ ਗਤੀਵਿਧੀਆਂ 'ਤੇ ਨਜ਼ਰਾਂ ਰਖਦੇ ਹੋਏ ਵਾਰ-ਵਾਰ ਉਨ੍ਹਾਂ ਦੀ ਗੁਰੂਘਰਾਂ ਅੰਦਰ ਦਖ਼ਲਅੰਦਾਜ਼ੀ ਨੂੰ ਲੈ ਕੇ ਅਸੀਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚੁਕੰਨੇ ਕਰਦੇ ਰਹੇ
ਪ੍ਰੰਤੂ ਹਰ ਵਾਰ ਗਠਜੋੜ ਦਾ ਹਵਾਲਾ ਅੱਗੇ ਰੱਖ ਕੇ ਇਸ ਦਾ ਕਿਸੇ ਨੇ ਵੀ ਵਿਰੋਧ ਨਹੀਂ ਕੀਤਾ ਪਰ ਹੁਣ ਬਾਦਲ ਪ੍ਰਵਾਰ ਭਾਵੇਂ ਇਸ ਨੂੰ ਲੈ ਕੇ ਵਿਰੋਧ ਤਾਂ ਕਰ ਰਿਹਾ ਹੈ ਪ੍ਰੰਤੂ ਇਹ ਵਿਰੋਧ ਗੁਰੂਘਰਾਂ ਦੀ ਮਰਿਆਦਾ ਨੂੰ ਬਰਕਰਾਰ ਰਖਣ ਦੀ ਬਜਾਏ ਸਿਰਫ਼ ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਬਾਦਲ ਪ੍ਰਵਾਰ ਮਹਿਜ ਇਕ ਨਾਟਕ ਖੇਡ ਕੇ ਸਿੱਖਾਂ ਦੀਆਂ ਵੋਟਾਂ ਬਟੋਰਨ ਲਈ ਯਤਨਸ਼ੀਲ ਹੈ ਕਿਉਂਕਿ ਰਾਜਨੀਤਕ ਤੌਰ 'ਤੇ ਪੂਰੇ ਪੰਜਾਬ ਅੰਦਰ ਅਕਾਲੀ ਦਲ ਅਪਣਾ ਅਕਸ ਗਵਾ ਚੁਕਾ ਹੈ ਜਿਸ ਦੀ ਭਰਪਾਈ ਲਈ ਇਨ੍ਹਾਂ ਵਲੋਂ ਇਹ ਡਰਾਮਾ ਰਚਿਆ ਜਾ ਰਿਹਾ ਹੈ ।
ਉਨ੍ਹਾਂ ਅਪਣੀ ਪਾਰਟੀ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਬਣੇ ਸਾਂਝੇ ਫ਼ਰੰਟ ਵਲੋਂ ਹੁਣ ਤਕ ਸੱਤ ਸੀਟਾਂ 'ਤੇ ਲੋਕ ਸਭਾ ਚੋਣਾਂ ਲਈ ਸਹਿਮਤੀ ਬਣ ਚੁਕੀ ਹੈ ਜਿਸ ਦਾ ਐਲਾਨ ਛੇਤੀ ਕਰ ਦਿਤਾ ਜਾਵੇਗਾ ਅਤੇ ਬਾਕੀ ਰਹਿੰਦੀਆਂ ਸੀਟਾਂ 'ਤੇ ਸਹਿਮਤੀ ਬਣਾਈ ਜਾ ਰਹੀ ਹੈ।