
ਕੇਂਦਰੀ ਬਜਟ ਵਿਚ ਖੇਤੀਬਾੜੀ ਤੇ ਰਖਿਆ ਖੇਤਰ ਨਜ਼ਰਅੰਦਾਜ਼ : ਮਨਪ੍ਰੀਤ ਬਾਦਲ
ਚੰਡੀਗੜ੍ਹ, 1 ਫ਼ਰਵਰੀ (ਭੁੱਲਰ): ਪਦਮ ਪੁਰਸਕਾਰਾਂ ਵਾਂਗ ਕੇਂਦਰੀ ਬਜਟ ਨੂੰ ਚੋਣਾਂ ਵਾਲੇ ਸੂਬਿਆਂ ਵਲ ਕੇਂਦਰਿਤ ਕਰਾਰ ਦਿੰਦਿਆਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇਥੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿਚ ਸਮੁੱਚੇ ਉੱਤਰੀ ਭਾਰਤ ਨੂੰ ਮੁੜ ਨਜ਼ਰਅੰਦਾਜ਼ ਕੀਤਾ ਗਿਆ ਹੈ।
ਉਨ੍ਹਾਂ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਕੇਂਦਰੀ ਬਜਟ ਦਾ ਸਿਆਸੀਕਰਨ ਹੁਣ ਬੇਮਿਸਾਲ ਪੱਧਰ ’ਤੇ ਪਹੁੰਚ ਗਿਆ ਹੈ। ਕੇਂਦਰੀ ਬਜਟ ਬਾਰੇ ਸਖ਼ਤ ਪ੍ਰਤੀਕਰਮ ਦਿੰਦਿਆਂ ਬਾਦਲ ਨੇ ਕਿਹਾ ਕਿ ਇਹ ਜਾਪਦਾ ਹੈ ਕਿ ਪਦਮ ਪੁਰਸਕਾਰਾਂ, ਜਿਨ੍ਹਾਂ ਦਾ 30 ਫ਼ੀ ਸਦੀ ਹਿੱਸਾ ਇਸ ਵਰ੍ਹੇ ਚੋਣਾਂ ਵਾਲੇ ਪੰਜ ਰਾਜਾਂ ਨੂੰ ਦਿਤਾ ਗਿਆ ਹੈ, ਵਾਂਗ ਹੀ ਕੇਂਦਰੀ ਬਜਟ ਵੀ ਇਨ੍ਹਾਂ ‘ਏ.ਬੀ.ਸੀ.’ ਰਾਜਾਂ ਦੇ ਵੋਟਰਾਂ ਨੂੰ ਭਰਮਾਉਣ ਵਲ ਸੇਧਿਤ ਹੈ। ਉਨ੍ਹਾਂ ਹੈਰਾਨੀ ਜਾਹਰ ਕੀਤੀ ਕਿ ਇਹ ਬਜਟ ਏ (ਆਸਾਮ), ਬੀ (ਬੰਗਾਲ) ਅਤੇ ਸੀ (ਚੇਨੱਈ) ਅਤੇ ਹੋਰ ਰਾਜਾਂ, ਜਿਨ੍ਹਾਂ ਵਿਚ ਚੋਣਾਂ ਹੋਣ ਵਾਲੀਆਂ ਹਨ, ਵਲ ਕੇਂਦਰਿਤ ਜਾਪਦਾ ਹੈ। ਪੰਜਾਬ ਦੇ ਵਿੱਤ ਮੰਤਰੀ ਨੇ ਪੁਛਿਆ ਕਿ ਉੱਤਰੀ ਭਾਰਤ ਨੂੰ ਕਿਉਂ ਦੰਡ ਦਿਤਾ ਗਿਆ ਹੈ?
ਉਨ੍ਹਾਂ ਨਾਲ ਹੀ ਕਿਹਾ ਕਿ ਐਨ.ਡੀ.ਏ. ਨੂੰ ਅਜਿਹੇ ਵੋਟਰ ਲੁਭਾਊ ਪੈਂਤੜਿਆਂ ਦਾ ਕੋਈ ਲਾਭ ਨਹÄ ਹੋਵੇਗਾ ਕਿਉਂਕਿ ਵੋਟਰ ਬੇਹੱਦ ਸਿਆਣੇ ਅਤੇ ਸੂਝਵਾਨ ਹਨ ਅਤੇ ਉਹ ਐਨ.ਡੀ.ਏ. ਦੀਆਂ ਚਤੁਰਾਈਆਂ ਨੂੰ ਭਲੀ-ਭਾਂਤ ਸਮਝਦੇ ਹਨ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਭਾਵੇਂ ਕੌਮੀ ਐਵਾਰਡ ਹੋਣ ਜਾਂ ਬਜਟ ਨਿਰਧਾਰਨ ਹੋਵੇਸ, ਸੱਭ ਕੁੱਝ ਵਿਚ ਕੌਮੀ ਤਰਜੀਹਾਂ ਨੂੰ ਨਜ਼ਰਅੰਦਾਜ਼ ਕਰ ਕੇ ਵੋਟ ਸਿਆਸਤ ਉਤੇ ਜ਼ੋਰ ਦਿਤਾ ਜਾ ਰਿਹਾ ਹੈ।
ਖੇਤੀ ਅਤੇ ਰਖਿਆ ਖੇਤਰ ਲਈ ਨਿਗੂਣਾ ਬਜਟ ਰੱਖਣ ਦਾ ਤਰਕ ਦਿੰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਮੌਜੂਦਾ ਹਾਲਾਤ ਨੂੰ ਧਿਆਨ ਵਿਚ ਰਖਦਿਆਂ ਖੇਤੀਬਾੜੀ ਖੇਤਰ ਨੂੰ ਬਜਟ ਵਿਚ ਵਾਧਾ ਦਿਤੇ ਜਾਣ ਦੀ ਲੋੜ ਸੀ ਕਿਉਂਕਿ ਇਹ ਖੇਤਰ ਪਹਿਲਾਂ ਹੀ ਪੇਂਡੂ ਵਿਕਾਸ ਬਜਟ ਵਿਚ 34 ਫ਼ੀ ਸਦੀ ਕਟੌਤੀ ਦਾ ਸਾਹਮਣਾ ਕਰ ਰਿਹਾ ਹੈ। ਰਖਿਆ ਖੇਤਰ ਲਈ ਬਜਟ ਵਿਚ ਇਕ ਫ਼ੀ ਸਦੀ ਵਾਧਾ ਕੀਤਾ ਗਿਆ ਹੈ, ਜਦੋਂਕਿ ਦੇਸ਼ ਨੂੰ ਕੌਮੀ ਸੁਰੱਖਿਆ ਦੇ ਮਾਮਲੇ ਵਿਚ ਵੱਡੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।