
ਇਸ ਸੰਕਟ ਦੀ ਘੜੀ ਵਿਚ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕੱਠੇ ਹੋਣ ਦੀ ਲੋੜ ਹੈ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2 ਫਰਵਰੀ ਯਾਨੀ ਅੱਜ ਸਰਬ ਪਾਰਟੀ ਮੀਟਿੰਗ ਸੱਦੀ ਹੈ। ਇਸ ਦੀ ਜਾਣਕਾਰੀ ਮੁੱਖ ਮੰਤਰੀ ਨੇ ਟਵੀਟ ਜ਼ਰੀਏ ਸਾਂਝੀ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਚਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕੱਠੇ ਹੋਣ ਦੀ ਲੋੜ ਹੈ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਕਿ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਲੈ ਕੇ 2 ਫਰਵਰੀ ਨੂੰ ਸਰਬ ਪਾਰਟੀ ਮੀਟਿੰਗ ਸੱਦੀ ਗਈ ਹੈ।
Farmers Protest
ਉਨ੍ਹਾਂ ਨੇ ਕਿਹਾ ਕਿਸਾਨ ਆਪਣੀ ਰੋਜ਼ੀ-ਰੋਟੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਲੜ ਰਹੇ ਹਨ। ਉਹਨਾਂ ਕਿਹਾ ਇਸ ਸੰਕਟ ਦੀ ਘੜੀ ਵਿਚ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕੱਠੇ ਹੋਣ ਦੀ ਲੋੜ ਹੈ। ਕੈਪਟਨ ਨੇ ਟਵੀਟ ਕਰਦੇ ਹੋਏ ਕਿਹਾ, "ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਦੀ ਘਟਨਾ ਮਗਰੋਂ ਦਿੱਲੀ ਪੁਲਿਸ ਨੇ ਜਿਨ੍ਹਾਂ ਕਿਸਾਨਾਂ ਖਿਲਾਫ ਕੇਸ ਦਰਜ ਕੀਤੇ ਹਨ, ਉਨ੍ਹਾਂ ਦੀ ਕਾਨੂੰਨੀ ਲੜ੍ਹਾਈ ਲੜਨ ਲਈ ਪੰਜਾਬ ਸਰਕਾਰ ਨੇ 70 ਵਕੀਲਾਂ ਦੀ ਟੀਮ ਬਣਾਈ ਹੈ। ਮੈਂ ਇਸ ਘਟਨਾ ਤੋਂ ਬਾਅਦ ਲਾਪਤਾ ਹੋਏ ਕਿਸਾਨਾਂ ਦਾ ਮੁੱਦਾ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਨਿੱਜੀ ਤੌਰ 'ਤੇ ਉਠਾਵਾਂਗਾ ਅਤੇ ਇਹ ਸੁਨਿਸ਼ਚਿਤ ਕਰਾਂਗਾ ਕਿ ਉਹ ਲੋਕ ਆਪਣੇ ਘਰਾਂ ਤੱਕ ਸੁਰੱਖਿਅਤ ਪਹੁੰਚਣ। ਤੁਸੀਂ ਕਿਸੇ ਵੀ ਮਦਦ ਲਈ '112' ਤੇ ਕਾਲ ਕਰ ਸਕਦੇ ਹੋ।"
Farmer protest
ਦੱਸ ਦਈਏ ਕਿ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ-ਹਰਿਆਣਾ ਸਮੇਤ ਕਈ ਸੂਬਿਆਂ ਦੇ ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਡਟੇ ਹੋਏ ਹਨ। ਸਮਾਜ ਸੇਵੀਆਂ ਤੋਂ ਇਲਾਵਾ ਕਿਸਾਨਾਂ ਨੂੰ ਕਈ ਸਿਆਸੀ ਪਾਰਟੀਆਂ ਦਾ ਸਮਰਥਨ ਵੀ ਮਿਲ ਰਿਹਾ ਹੈ। ਇਸ ਦੌਰਾਨ ਸਿਆਸੀ ਧਿਰਾਂ ਲਗਾਤਾਰ ਸੱਤਾਧਾਰੀ ਧਿਰ ਭਾਜਪਾ ‘ਤੇ ਸ਼ਬਦੀ ਹਮਲੇ ਬੋਲ ਰਹੀਆਂ ਹਨ।