
ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ 10 ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿਤੀਆਂ ਜਾਣਗੀਆਂ
ਮਲੇਰਕੋਟਲਾ/ਅਹਿਮਦਗੜ੍ਹ, 1 ਫ਼ਰਵਰੀ (ਬਲਵਿੰਦਰ ਸਿੰਘ ਭੁੱਲਰ, ਰਾਮਜੀਦਾਸ ਚੌਹਾਨ) : ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਮੀਦਵਾਰ ਸੁਮਿੱਤ ਸਿੰਘ ਮਾਨ ਵਲੋਂ ਅੱਜ ਮੰਡੀ ਅਹਿਮਦਗੜ੍ਹ ਵਿਖੇ ਐਸਡੀਐਮ ਦੇ ਦਫ਼ਤਰ ਵਿਖੇ ਅਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ |
ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਪਹੁੰਚੇ ਜਿਨ੍ਹਾਂ ਅਪਣੀ ਭਾਵਪੂਰਤ ਤਕਰੀਰ ਵਿਚ ਇਹ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਸੱਭ ਤੋਂ ਪਹਿਲਾਂ ਨਸ਼ਾ ਅਤੇ ਨਸ਼ਾ ਮਾਫ਼ੀਆ ਖ਼ਤਮ ਕੀਤਾ ਜਾਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ 10 ਲੱਖ ਨੌਜਵਾਨਾਂ ਨੂੰ ਨੌਕਰੀਆ ਦਿਤੀਆਂ ਜਾਣਗੀਆਂ | ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਘਰੇਲੂ ਉਦਯੋਗ ਸਥਾਪਤ ਕਰਨ ਲਈ ਹਰ ਹੀਲਾ ਵਸੀਲਾ ਵਰਤਿਆ ਜਾਵੇਗਾ ਤੇ ਉਨ੍ਹਾਂ ਨੂੰ ਪੰਜਾਬ ਵਿਚ ਪੈਦਾ ਹੋਣ ਵਾਲੇ ਅਨਾਜ਼ ਦੀ ਪ੍ਰੋਸੈਸਿੰਗ ਲਈ ਉਤਸ਼ਾਹਤ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਅਗਰ ਨੌਜਵਾਨਾਂ ਨੂੰ ਰੁਜਗਾਰ ਤੇ ਪੈਸਾ ਪੰਜਾਬ ਵਿੱਚੋਂ ਹੀ ਹਾਸਲ ਹੋ ਗਿਆ ਤਾਂ ਉਹ ਵਿਦੇਸ਼ਾਂ ਵਲ ਪ੍ਰਵਾਸ ਕਰਨ ਦਾ ਹੌਸਲਾ ਕਦੇ ਨਹੀਂ ਕਰਨਗੇ | ਉਨ੍ਹਾਂ ਪੰਜਾਬ ਵਿਚੋਂ ਹਰ ਤਰ੍ਹਾਂ ਦੇ ਮਾਫ਼ੀਏ ਦੀ ਸਫ਼ਾਈ ਕਰਨ ਦਾ ਅਹਿਦ ਵੀ ਕੀਤਾ ਅਤੇ ਕਈ ਸੈਂਕੜੇ ਕਾਂਗਰਸੀ ਵਰਕਰਾਂ ਦੀ ਹਾਜ਼ਰੀ ਵਿਚ ਇਹ ਵੀ ਕਿਹਾ ਕਿ ਸੁਮਿੱਤ ਮਾਨ ਨੂੰ ਵੋਟਾਂ ਪਾ ਕੇ ਹਲਕਾ ਅਮਰਗੜ੍ਹ ਦੀਆਂ ਜੜ੍ਹਾਂ ਨੂੰ ਪਾਣੀ ਪਾਉ ਕਿਉਂਕਿ ਇਹ ਨੌਜਵਾਨ ਉਹ ਨੌਜਵਾਨ ਹੈ ਜਿਸ ਦੇ ਨਵਾਂ ਪੰਜਾਬ ਮਾਡਲ ਸਿਰਜਣ ਲਈ ਅਪਣਾ ਖੂਨ ਪਸੀਨਾ ਇਕ ਕੀਤਾ ਹੈ ਤੇ ਇਹ ਹਲਕੇ ਨੂੰ ਸਵਰਗ ਦਾ ਨਮੂਨਾ ਬਣਾ ਕੇ ਹਟੇਗਾ |
ਇਸ ਮੌਕੇ ਅਮਰਗੜ੍ਹ ਹਲਕੇ ਦਾ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਅਤੇ ਹਲਕਾ ਧੂਰੀ ਦੇ ਸਾਬਕਾ ਵਿਧਾਇਕ ਧਨਵੰਤ ਸਿੰਘ ਧੂਰੀ, ਲੀਗਲ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਮਹੁੰਮਦ ਜਮੀਲ, ਦਵਿੰਦਰ ਸਿੰਘ ਗਰਚਾ, ਜਸਵੀਰ ਰਾਣਾ ਤੋਂ ਇਲਾਵਾ ਹਲਕਾ ਅਮਰਗੜ੍ਹ ਦੇ ਅਣਗਿਣਤ ਕਾਂਗਰਸੀ ਵਰਕਰ ਵੀ ਮੌਜੂਦ ਸਨ |
ਫੋਟੋ 1-2