
ਵਹੀ ਦੀ ਥਾਂ ਟੈਬਲੇਟ ਲੈ ਕੇ ਸੰਸਦ ਪੁੱਜੀ ਸੀਤਾਰਮਨ, 39.45 ਲੱਖ ਕਰੋੜ ਦਾ ਬਜਟ ਕੀਤਾ ਪੇਸ਼
ਆਮ ਆਦਮੀ ਲਈ ਕੋਈ ਰਾਹਤ ਨਹੀਂ ਬਜਟ ਵਿਚ, ਆਮਦਨ ਟੈਕਸ ਸਲੈਬਾਂ 'ਚ ਨਹੀਂ ਹੋਇਆ ਬਦਲਾਅ
ਨਵੀਂ ਦਿੱਲੀ, 1 ਫ਼ਰਵਰੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਿੱਤੀ ਸਾਲ 2022-23 ਦਾ ਬਜਟ ਪੇਸ਼ ਕਰਨ ਲਈ ਮੰਗਲਵਾਰ ਨੂੰ ਲਾਲ ਕਪੜੇ 'ਚ ਲਿਪਟਿਆ ਟੈਬਲੇਟ ਲੈ ਕੇ ਸੰਸਦ ਭਵਨ ਪੁੱਜੀ | ਸੀਤਾਰਮਨ ਨੇ ਵਿੱਤ ਮੰਤਰਾਲੇ ਦੇ ਅਪਣੇ ਦਫ਼ਤਰ ਦੇ ਬਾਹਰ ਰਵਾਇਤੀ ਅੰਦਾਜ਼ 'ਚ 'ਬ੍ਰੀਫ਼ਕੇਸ' ਨਾਲ ਤਸਵੀਰਾਂ ਖਿਚਵਾਈਆਂ | ਹਾਲਾਂਕਿ, ਇਹ ਆਮ ਬ੍ਰੀਫ਼ਕੇਸ ਨਾ ਹੋ ਕੇ ਲਾਲ ਕਪੜੇ 'ਚ ਲਿਪਟਿਆ ਟੈਬਲੇਟ ਸੀ |
ਵਿੱਤ ਮੰਤਰੀ ਨੇ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ 'ਵਹੀ-ਖਾਤੇ' ਦੀ ਥਾਂ 'ਮੇਡ ਇਨ ਇੰਡੀਆ' ਟੈਬਲੇਟ ਰਾਹੀਂ ਪੇਪਰਲੈਸ ਬਜਟ ਪੇਸ਼ ਕੀਤਾ | ਸੀਤਾਰਮਨ ਨੇ ਅੱਜ ਆਰਥਕ ਵਿਕਾਸ ਨੂੰ ਤੇਜ਼ੀ ਦੇਣ ਲਈ ਖ਼ਜ਼ਾਨਾ ਖੋਲ੍ਹਦੇ ਹੋਏ 39.45 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ | ਇਸ ਨਾਲ ਹੀ ਵਿੱਤ ਮੰਤਰੀ ਨੇ ਕਿਹਾ ਕਿ ਕੇਂਦਰੀ ਬਜਟ ਅੰਮਿ੍ਤ ਕਾਲ ਦੇ ਅਗਲੇ 25 ਸਾਲਾਂ ਦਾ ਬਲੂ ਪਿ੍ੰਟ ਹੈ |