
ਪੰਜਾਬ ਦੇ ਸਿਹਤ ਤੇ ਪਰਵਾਰ ਭਲਾਈ ਅਤੇ ਮੈਡੀਕਲ ਸਿਖਿਆ ਤੇ ਖ਼ੋਜ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਅੱਜ ਸ਼ਾਮ ਇਥੇ ਵਰ੍ਹਦੇ...
ਪਟਿਆਲਾ : ਪੰਜਾਬ ਦੇ ਸਿਹਤ ਤੇ ਪਰਵਾਰ ਭਲਾਈ ਅਤੇ ਮੈਡੀਕਲ ਸਿਖਿਆ ਤੇ ਖ਼ੋਜ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਅੱਜ ਸ਼ਾਮ ਇਥੇ ਵਰ੍ਹਦੇ ਮੀਂਹ 'ਚ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਪੁੱਜ ਕੇ ਹੜਤਾਲੀ ਨਰਸਾਂ ਅਤੇ ਹੋਰ ਮੁਲਾਜ਼ਮਾਂ ਦੀ ਹੜਤਾਲ ਖ਼ਤਮ ਕਰਵਾਈ। ਸਿਹਤ ਮੰਤਰੀ ਸ਼੍ਰੀ ਮਹਿੰਦਰਾ ਨੇ ਸਰਕਾਰੀ ਮੈਡੀਕਲ ਕਾਲਜ ਵਿਖੇ ਹੜਤਾਲੀ ਨਰਸਾਂ ਤੇ ਹੋਰ ਮੁਲਾਜ਼ਮਾਂ ਨਾਲ ਇਕ ਬੈਠਕ ਕਰਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ 'ਚ 651 ਸਟਾਫ਼ ਨਰਸਾਂ,
130 ਚੌਥਾ ਦਰਜਾ ਅਤੇ 75 ਐਨਸਿਲਰੀ ਵਰਕਰਾਂ ਨੂੰ ਪੱਕੇ ਕਰਨ ਲਈ ਹੋਏ ਸੰਜੀਦਾ ਵਿਚਾਰ ਵਟਾਂਦਰੇ ਤੋਂ ਜਾਣੂ ਕਰਵਾਇਆ। ਜ਼ਿਕਰਯੋਗ ਹੈ ਕਿ ਸ਼੍ਰੀ ਬ੍ਰਹਮ ਮਹਿੰਦਰਾ ਅਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਨੇ ਬੀਤੀ ਕੱਲ ਰਜਿੰਦਰਾ ਹਸਪਤਾਲ ਦੀ ਐਮਰਜੈਂਸੀ ਵਿਖੇ ਇਲਾਜ ਲਈ ਦਾਖ਼ਲ ਨਰਸਾਂ ਤੇ ਹੋਰ ਸਟਾਫ਼ ਦਾ ਹਾਲ ਚਾਲ ਵੀ ਜਾਣਿਆ ਸੀ। ਮਹਿੰਦਰਾ ਨੇ ਦਸਿਆ ਕਿ ਸਰਕਾਰ ਉਨ੍ਹਾਂ ਸਮੇਤ ਹਰ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਲਈ ਸੰਜੀਦਾ ਹੈ।
ਸਿਹਤ ਮੰਤਰੀ ਨੇ ਦਸਿਆ ਕਿ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ 7 ਮਾਰਚ ਤਕ ਮੈਡੀਕਲ ਸਿਖਿਆ ਅਤੇ ਖ਼ੋਜ ਵਿਭਾਗ ਦੀਆਂ 651 ਸਟਾਫ਼ ਨਰਸਾਂ, 130 ਚੌਥਾ ਦਰਜਾ ਅਤੇ 75 ਐਨਸਿਲਰੀ ਵਰਕਰਾਂ ਨੂੰ ਪੱਕਾ ਕੀਤਾ ਜਾਵੇਗਾ। ਉਤਸ਼ਾਹ ਵਿਚ ਆਈਆਂ ਨਰਸਾਂ, ਐਨਸਿਲਰੀ ਅਤੇ ਚੌਥਾ ਦਰਜਾ ਮੁਲਾਜ਼ਮਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦਾ ਧਨਵਾਦ ਕੀਤਾ।