
ਪੰਜਾਬ ਵਿਧਾਨ ਸਭਾ ਵਿਚ ਪਾਸ ਖੇਤੀ ਬਿਲ ਰਾਸ਼ਟਰਪਤੀ ਕੋਲ ਸਹਿਮਤੀ ਲਈ ਵਿਚਾਰ ਅਧੀਨ : ਵੀ.ਪੀ. ਸਿੰਘ ਬਦਨੌਰ
ਚੰਡੀਗੜ੍ਹ, 1 ਮਾਰਚ (ਗੁਰਉਪਦੇਸ਼ ਭੁੱਲਰ): ਅੱਜ ਸ਼ੁਰੂ ਹੋਏ ਪੰਜਾਬ ਵਿਧਾਨ ਸਭਾ ਸੈਸ਼ਨ ਵਿਚ ਰਾਜਪਾਲ ਦੇ ਭਾਸ਼ਨ ਵਿਚ ਕਿਹਾ ਗਿਆ ਹੈ ਕਿ ਸੂਬਾ ਵਿਧਾਨ ਸਭਾ ਵਲੋਂ ਕੇਂਦਰੀ ਖੇਤੀ ਬਿਲਾਂ ਦੇ ਵਿਰੋਧ ਵਿਚ ਪਿਛਲੇ ਸੈਸ਼ਨ ਵਿਚ ਪਾਸ ਖੇਤੀ ਸੋਧ ਬਿਲ ਕਾਨੂੰਨ ਸੰਵਿਧਾਨ ਦੀ ਧਾਰਾ 254 ਅਧੀਨ ਰਾਸ਼ਟਰਪਤੀ ਕੋਲ ਵਿਚਾਰ ਅਧੀਨ ਹਨ | ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਭਾਵੇਂ 20 ਮਿੰਟ ਵਿਚ ਹੀ 44 ਪੰਨਿਆਂ ਦਾ ਭਾਸ਼ਨ ਕੁੱਝ ਪੈਰੇ ਪੜ੍ਹ ਕੇ ਸਮੇਟ ਦਿਤਾ ਪਰ ਇਹ ਗੱਲ ਭਾਸ਼ਨ ਵਿਚ ਵੀ ਕਹੀ ਗਈ | ਭਾਸ਼ਨ ਵਿਚ ਰਾਜਪਾਲ ਵਲੋਂ ਤਿੰਨੇ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ਮਾਰੂ ਦਸਦਿਆਂ ਇਹ ਵਾਪਸ ਲੈਣ ਦੀ ਗੱਲ ਕੀਤੀ ਗਈ ਹੈ |
ਜ਼ਿਕਰਯੋਗ ਹੈ ਕਿ ਰਾਜਪਾਲ ਦੇ ਭਾਸ਼ਨ ਵਿਚ ਜਿਥੇ ਸਰਕਾਰ ਦੀਆਂ ਪ੍ਰਾਪਤੀਆਂ ਵਿਸਥਾਰ ਵਿਚ ਗਿਣਾਈਆਂ ਗਈਆਂ ਹਨ ਤੇ ਕੋਵਿਡ ਮਹਾਂਮਾਰੀ ਬਾਰੇ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ ਪਰ ਇਸ ਭਾਸ਼ਨ ਵਿਚ ਪੰਜਾਬ ਦੇ ਪਾਣੀਆਂ ਤੇ ਰਾਜਧਾਨੀ ਦੇ ਮੁੱਦੇ ਇਸ ਵਾਰ ਗ਼ਾਇਬ ਹਨ | ਰਾਜਪਾਲ ਨੇ ਕਿਹਾ ਕਿ ਕੋਵਿਡ ਦੀਆਂ ਭਾਰੀ ਚੁਨੌਤੀਆਂ ਦੇ ਬਾਵਜੂਦ ਕਿਸਾਨਾਂ ਦੀ ਫ਼ਸਲ ਦੀ ਖ਼ਰੀਦ ਯਕੀਨੀ ਬਣਾਈ ਗਈ ਹੈ | ਜਨਤਕ ਵੰਡ ਪ੍ਰਣਾਲੀ ਤਹਿਤ 38.29 ਲੱਖ ਪ੍ਰਵਾਰਾਂ ਨੂੰ ਸਮਾਰਟ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਨੂੰ ਕੰਟਰੋਲ ਕੀਤਾ ਗਿਆ ਹੈ ਪਰ ਇਸ ਦਾ ਅਰਥ ਇਹ ਨਹੀਂ ਕਿ ਅਸੀ ਬੇਪ੍ਰਵਾਹ ਹੋ ਜਾਈਏ ਕਿ ਕੋਰੋਨਾ ਖ਼ਤਮ ਹੋ ਗਿਆ ਹੈ |
ਕੋਵਿਡ ਟੀਕਾਕਰਨ ਦੀ ਮੁਹਿੰਮ ਤਹਿਤ ਭਾਰਤ ਸਰਕਾਰ ਦੀਆਂ ਤਰਜੀਹਾਂ ਮੁਤਾਬਕ 25 ਫ਼ਰਵਰੀ ਤਕ 1.22 ਲੱਖ ਹੈਲਥ ਕੇਅਰ ਤੇ ਫ਼ਰੰਟ ਲਾਈਨ ਕਾਮਿਆਂ ਨੂੰ ਪਹਿਲੀ ਡੋਜ਼ ਦਿਤੀ ਜਾ ਚੁੱਕੀ ਹੈ | ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਤੇ ਮਹਾਤਮਾ ਗਾਂਧੀ ਦਾ 150 ਜਨਮ ਦਿਵਸ ਸਮਾਰੋਹ ਮਨਾਏ ਜਾਣ ਦਾ ਜ਼ਿਕਰ ਕਰਨ ਤੋਂ ਇਲਾਵਾ ਰਾਜਪਾਲ ਭਾਸ਼ਨ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਵੀ ਮਨਾਏ ਜਾਣ ਦੀ ਗੱਲ ਆਖੀ ਗਈ ਹੈ |