
ਜੋ ਵੀ ਸਾਧਨ ਮਿਲੇ, ਲੈ ਕੇ ਰਾਜਧਾਨੀ ਕੀਵ ਵਿਚੋਂ ਨਿਕਲ ਜਾਉ!
ਇਕ ਭਾਰਤੀ ਵਿਦਿਆਰਥੀ ਦੀ ਮੌਤ ਮਗਰੋਂ ਭਾਰਤ ਸਰਕਾਰ ਦੀ ਸਲਾਹ
ਨਵੀਂ ਦਿੱਲੀ, 1 ਮਾਰਚ : ਯੂਕਰੇਨ 'ਤੇ ਰੂਸ ਦੇ ਹਮਲੇ ਦੇ ਛੇਵੇਂ ਦਿਨ ਰਾਜਧਾਨੀ ਕੀਵ 'ਚ ਨਾਗਰਿਕਾਂ 'ਤੇ ਖ਼ਤਰਾ ਹੋਰ ਵਧਦਾ ਜਾ ਰਿਹਾ ਹੈ | ਰੂਸ-ਯੂਕਰੇਨ ਜੰਗ ਦੇ ਚਲਦਿਆਂ ਯੂਕਰੇਨ ਦੇ ਖਾਰਕੀਵ ਸ਼ਹਿਰ ਵਿਚ ਮੰਗਲਵਾਰ ਸਵੇਰੇ ਗੋਲੀਬਾਰੀ ਦੌਰਾਨ ਇਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ | ਵਿਦੇਸ਼ ਮੰਤਰਾਲੇ ਨੇ ਇਸ ਦੀ ਜਾਣਕਾਰੀ ਦਿਤੀ | ਜਾਣਕਾਰੀ ਅਨੁਸਾਰ ਵਿਦਿਆਰਥੀ ਨਵੀਨ ਸ਼ੇਖਰੱਪਾ ਕਰਨਾਟਕ ਸੂਬੇ ਦੇ ਹਾਵੇਰੀ ਜ਼ਿਲ੍ਹੇ ਦੇ ਚਲਗੇਰੀ ਦਾ ਰਹਿਣ ਵਾਲਾ ਸੀ | ਨਵੀਨ ਐਮਬੀਬੀਐਸ ਦੇ ਚੌਥੇ ਸਾਲ ਦਾ ਵਿਦਿਆਰਥੀ ਸੀ ਅਤੇ ਉਹ ਘਰੋਂ ਰਾਸ਼ਨ ਲੈਣ ਲਈ ਬਾਜ਼ਾਰ ਗਿਆ ਸੀ |
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ, Tਡੂੰਘੇ ਦੁੱਖ ਨਾਲ ਅਸੀਂ ਪੁਸ਼ਟੀ ਕਰਦੇ ਹਾਂ ਕਿ ਅੱਜ ਸਵੇਰੇ ਖਾਰਕੀਵ ਵਿਚ ਗੋਲੀਬਾਰੀ ਦੌਰਾਨ ਇਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ | ਮੰਤਰਾਲਾ ਉਸ ਦੇ ਪ੍ਰਵਾਰ ਦੇ ਸੰਪਰਕ ਵਿਚ ਹੈ | ਅਸੀਂ ਪ੍ਰਵਾਰ ਨਾਲ ਦੁੱਖ ਪ੍ਰਗਟ ਕਰਦੇ ਹਾਂ |''
ਅਰਿੰਦਮ ਬਾਗਚੀ ਨੇ ਟਵੀਟ ਵਿਚ ਲਿਖਿਆ ਕਿ ਵਿਦੇਸ਼ ਸਕੱਤਰ ਰੂਸ ਅਤੇ ਯੂਕਰੇਨ ਦੇ ਰਾਜਦੂਤਾਂ ਨਾਲ ਗੱਲ ਕਰ ਰਹੇ ਹਨ ਅਤੇ ਭਾਰਤ ਦੀ ਮੰਗ ਨੂੰ ਦੁਹਰਾ ਰਹੇ ਹਨ ਕਿ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕਢਿਆ ਜਾਣਾ ਚਾਹੀਦਾ ਹੈ ਜੋ ਕਿ ਖਾਰਕਿਵ ਅਤੇ ਸੰਘਰਸ਼ ਦੇ ਹੋਰ ਖੇਤਰਾਂ ਵਿਚ ਮੌਜੂਦ ਹਨ |
ਜਾਣਕਾਰੀ ਮੁਤਾਬਕ ਭਾਰਤੀ ਵਿਦਿਆਰਥੀ ਦੀ ਮੌਤ ਤੋਂ ਬਾਅਦ ਭਾਰਤ ਨੇ ਰੂਸ ਤੇ ਯੂਕਰੇਨ ਦੇ ਰਾਜਦੂਤਾਂ ਨੂੰ ਤਲਬ ਕੀਤਾ ਹੈ |
ਇਸ ਵਿਚਾਲੇ ਯੂਕਰੇਨ ਵਿਚ ਭਾਰਤੀ ਦੂਤਘਰ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਤੁਰਤ ਕੀਵ ਛੱਡਣ ਲਈ ਕਿਹਾ ਹੈ | ਦੂਤਾਵਾਸ ਵਲੋਂ ਜਾਰੀ ਐਮਰਜੈਂਸੀ ਐਡਵਾਈਜ਼ਰੀ ਵਿਚ ਕਿਹਾ
ਗਿਆ ਹੈ ਕਿ ਭਾਰਤੀ ਜਿਸ ਹਾਲਤ ਵਿਚ ਹਨ, ਉਸ ਵਿਚ ਤੁਰਤ ਸ਼ਹਿਰ ਛੱਡ ਕੇ ਚਲੇ ਜਾਣ | ਇਸ ਵਿਚ ਕਿਹਾ ਗਿਆ ਹੈ ਕਿ ਸਾਰੇ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਅੱਜ ਕੀਵ ਛੱਡ ਦੇਣਾ ਚਾਹੀਦਾ ਹੈ | ਇਸ ਵਿਚ ਕਿਹਾ ਗਿਆ ਹੈ ਕਿ ਕੀਵ ਛੱਡਣ ਲਈ ਉਨ੍ਹਾਂ ਨੂੰ ਜੋ ਸਾਧਨ ਮਿਲੇ ਹਨ, ਉਨ੍ਹਾਂ ਨੂੰ ਤੁਰਤ ਲੈ ਕੇ ਉਥੋਂ ਚਲੇ ਜਾਣਾ ਚਾਹੀਦਾ ਹੈ |
'ਮੈਕਸਰ ਟੈਕਨੋਲਾਜੀ' ਵਲੋਂ ਉਪਲਬੱਧ ਕਰਾਈਆਂ ਗਈਆਂ ਤਸਵੀਰਾਂ ਮੁਤਾਬਕ ਬਖ਼ਤਰਬੰਦ ਗੱਡੀਆਂ, ਟੈਂਕਾਂ, ਤੋਪਾਂ ਅਤੇ ਹੋਰ ਸਹਾਇਕ ਵਾਹਨਾਂ ਦਾ 40 ਮੀਲ ਦੀ ਦੂਰੀ ਤਕ ਫੈਲਿਆ ਰੂਸੀ ਕਾਫ਼ਲਾ ਕੀਵ ਤੋਂ ਕਰੀਬ 25 ਕਿਲੋਮੀਟਰ ਦੀ ਦੂਰੀ 'ਤੇ ਹੈ |