
ਗੁਰਦਵਾਰੇ ਦੇ ਪ੍ਰਬੰਧਕਾਂ ਨੇ ਮੁੱਖ ਮੰਤਰੀ ਅਤੇ ਸਿਖਿਆ ਮੰਤਰੀ ਬੰਗਲੌਰ ਨੂੰ ਲਿਖਿਆ ਪੱਤਰ
ਕੋਟਕਪੂਰਾ, 1 ਮਾਰਚ (ਗੁਰਿੰਦਰ ਸਿੰਘ) : ਗੁਰਦਵਾਰਾ ਸਾਹਿਬ ਗੁਰੂ ਸਿੰਘ ਸਭਾ ਅਲਸੂਰ (ਬੰਗਲੌਰ) ਦੀ ਵਰਕਿੰਗ ਕਮੇਟੀ ਦੇ ਮੈਂਬਰ ਡਾ. ਹਰਮਿੰਦਰ ਸਿੰਘ ਨੇ ਬਸਵਰਾਜ ਬੋਮਈ ਮੁੱਖ ਮੰਤਰੀ ਕਰਨਾਟਕ ਅਤੇ ਬੀ.ਸੀ. ਨਾਗੇਸ਼ ਸਿਖਿਆ ਮੰਤਰੀ ਕਰਨਾਟਕ ਬੰਗਲੌਰ ਨੂੰ ਲਿਖੇ ਪੱਤਰ ਵਿਚ ਜਿਥੇ ਪਿਛਲੇ ਦਿਨੀਂ ਕਰਨਾਟਕ ਵਿਖੇ ਇਕ ਸਿੱਖ ਵਿਦਿਆਰਥਣ ਨੂੰ ਆਈ ਸਮੱਸਿਆ ਦੇ ਤੁਰਤ ਹੱਲ ਲਈ ਧਨਵਾਦ ਕੀਤਾ ਹੈ, ਉੱਥੇ ਇਸ ਸਮੱਸਿਆ ਦੇ ਸਦੀਵੀ ਹੱਲ ਲਈ ਬਕਾਇਦਾ ਨੋਟੀਫ਼ੀਕੇਸ਼ਨ ਜਾਰੀ ਕਰਨ ਦੀ ਮੰਗ ਵੀ ਕੀਤੀ ਹੈ।
‘ਰੋਜ਼ਾਨਾ ਸਪੋਕਸਮੈਨ’ ਦੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਡਾ. ਹਰਮਿੰਦਰ ਸਿੰਘ ਨੇ ਦਸਿਆ ਕਿ ਸਿੱਖ ਧਰਮ ਦੀਆਂ ਭਾਵਨਾਵਾਂ ਅਤੇ ਕਰਨਾਟਕ ਦੇ ਸਿੱਖ ਘੱਟ ਗਿਣਤੀ ਭਾਈਚਾਰੇ ਦੇ ਸੰਵਿਧਾਨਕ ਅਧਿਕਾਰਾਂ ਦੀ ਰਖਿਆ ਲਈ ਸਰਕਾਰੀ ਹੁਕਮ ਜਾਰੀ ਕਰਨ ਸਬੰਧੀ ਬੇਨਤੀ ਕੀਤੀ ਗਈ ਹੈ। ਮੁੱਖ ਮੰਤਰੀ ਅਤੇ ਸਿਖਿਆ ਮੰਤਰੀ ਨੂੰ ਲਿਖੇ ਪੱਤਰ ਵਿਚ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਦੇ ਸਿੱਖ ਦਸਤਾਰ ਦੇ ਹਵਾਲੇ ਦਿਤੇ ਗਏ ਹਨ। ਸਿੱਖ ਇਤਿਹਾਸ, ਖੰਡੇ ਦੀ ਪਾਹੁਲ, ਅੰਮ੍ਰਿਤ, ਕੇਸਕੀ, ਪਟਕਾ, ਦਸਤਾਰ, ਦੁਮਾਲਾ, ਪੰਜ ਕਕਾਰ ਆਦਿ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਡਾ. ਹਰਮਿੰਦਰ ਸਿੰਘ ਨੇ ਦਸਿਆ ਕਿ ਉਕਤ ਸਾਰੀਆਂ ਮਾਨਤਾਵਾਂ ਭਾਰਤ ਦੇ ਸੰਵਿਧਾਨ ਮੁਤਾਬਕ ਵੀ ਮਾਨਤਾ ਪ੍ਰਾਪਤ ਹਨ। ਇਸ ਦੇ ਬਾਵਜੂਦ ਕੁੱਝ ਦਿਨ ਪਹਿਲਾਂ ਬੰਗਲੌਰ ਵਿਖੇ ਕਾਲਜ ਪ੍ਰਬੰਧਕਾਂ ਨੇ ਇਕ ਅੰਮ੍ਰਿਤਧਾਰੀ ਲੜਕੀ ਅਮਿਤੇਸ਼ਵਰ ਕੌਰ ਦੀ ਕੇਸਕੀ ਦਾ ਬੇਲੋੜਾ ਮੁੱਦਾ ਉਠਾਇਆ ਸੀ। ਭਾਵੇਂ ਆਪ ਜੀ ਦੇ ਦਖ਼ਲ ਅਤੇ ਸਹਿਯੋਗ ਸਦਕਾ ਉਕਤ ਮਸਲਾ ਹੱਲ ਹੋ ਗਿਆ ਤੇ ਅਮਿਤੇਸ਼ਵਰ ਕੌਰ ਹਮੇਸ਼ਾ ਦੀ ਤਰ੍ਹਾਂ ਕੇਸਕੀ ਬੰਨ੍ਹ ਕੇ ਅਪਣੀ ਕਲਾਸ ਵਿਚ ਹਾਜ਼ਰ ਹੋ ਰਹੀ ਹੈ ਪਰ ਭਵਿੱਖ ਵਿਚ ਕਿਸੇ ਵੀ ਸਿੱਖ ਨੂੰ ਇਹ ਸਮੱਸਿਆ ਨਾ ਆਵੇ, ਇਸ ਨੂੰ ਯਕੀਨੀ ਬਣਾਉਣ ਲਈ ਕਰਨਾਟਕ ਦੇ ਸਿੱਖ ਘੱਟ ਗਿਣਤੀ ਭਾਈਚਾਰੇ ਦੇ ਸੰਵਿਧਾਨਕ ਅਧਿਕਾਰਾਂ ਦੀ ਰਾਖੀ ਲਈ ਸਰਕਾਰੀ ਹੁਕਮ ਜਾਰੀ ਹੋਣਾ ਚਾਹੀਦਾ ਹੈ।