
132 ਲੱਖ ਟਨ ਕਣਕ ਖ਼ਰੀਦ ਲਈ ਪ੍ਰਬੰਧ ਵੱਡੇ ਪੱਧਰ 'ਤੇ
ਮੁੱਖ ਸਕੱਤਰ ਦੀ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਅੱਜ ਸ਼ਾਮ
ਚੰਡੀਗੜ੍ਹ, 1 ਮਾਰਚ (ਜੀ.ਸੀ.ਭਾਰਦਵਾਜ) : ਪੰਜਾਬ ਵਿਚ 16ਵੀਂ ਵਿਧਾਨ ਸਭਾ ਲਈ 10 ਮਾਰਚ ਨੂੰ ਨਤੀਜੇ ਆਉਣ ਅਤੇ ਸਰਕਾਰ ਗਠਤ ਹੋਣ ਤੋਂ ਪਹਿਲਾਂ ਹੀ ਇਸ ਸਾਲ ਹਾੜ੍ਹੀ ਦੀ ਫ਼ਸਲ ਕਣਕ ਦੀ ਵੱਡੀ ਖ਼ਰੀਦ 132 ਲੱਖ ਟਨ ਵਾਸਤੇ, ਪੁਖ਼ਤਾ ਪ੍ਰਬੰਧ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ |
ਪੰਜਾਬ ਸਰਕਾਰ ਦੇ ਚੀਫ਼ ਸਕੱਤਰ ਅਨਿਰੁਧ ਤਿਵਾੜੀ ਨੇ ਭਲਕੇ ਸਿਵਲ ਸਕੱਤਰੇਤ ਵਿਚ ਅਨਾਜ ਸਪਲਾਈ, ਖੇਤੀਬਾੜੀ, ਵਿੱਤ ਵਿਭਾਗ, ਮੰਡੀ ਬੋਰਡ ਅਤੇ ਖ਼ਰੀਦ ਏਜੰਸੀਆਂ ਪਨਗਰੇਨ, ਪਨਸਪ, ਮਾਰਕਫ਼ੈੱਡ, ਵੇਅਰ ਹਾਊਸਿੰਗ ਕਾਰਪੋਰੇਸ਼ਨ ਤੇ ਕੇਂਦਰੀ ਐਫ਼.ਸੀ.ਆਈ ਸਮੇਤ ਸਿਹਤ ਵਿਭਾਗ ਟਰਾਂਸਪੋਰਟ ਦੇ ਸੀਨੀਅਰ ਅਧਿਕਾਰੀਆਂ ਦੀ ਬੈਠਕ ਬੁਲਾਈ ਹੈ ਜਿਸ ਵਿਚ ਕਣਕ ਖ਼ਰੀਦ ਵਾਸਤੇ ਕੀਤੇ ਜਾ ਰਹੇ ਵੱਡੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਵੇਗਾ |
ਅਨਾਜ ਸਪਲਾਈ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਪੰਜਾਬ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਖ਼ਰੀਦ ਦੀ ਬੈਂਕਾਂ ਰਾਹੀਂ ਅਦਾਇਗੀ ਕਰਨ ਵਾਸਤੇ 29,400 ਕਰੋੜ ਦੀ ਕੈਸ਼ ਕੈ੍ਰਡਿਟ ਲਿਮਟ ਜਾਰੀ ਕਰਨ ਲਈ ਕੇਂਦਰ ਸਰਕਾਰ ਤੇ ਰਿਜ਼ਰਵ ਬੈਂਕ ਨੂੰ ਲਿਖ ਦਿਤਾ ਹੈ ਅਤੇ ਮਾਰਚ ਦੇ ਅਖ਼ੀਰ ਤਕ ਇਸ ਵੱਡੀ ਰਕਮ ਦੀ ਪ੍ਰਵਾਨਗੀ ਮਿਲ ਜਾਵੇਗੀ | ਇਸ ਅਧਿਕਾਰੀ ਨੇ ਇਹ ਵੀ ਦਸਿਆ ਕਿ ਕਣਕ ਦੀ ਖ਼ਰੀਦ 1 ਅਪ੍ਰੈਲ ਜਾਂ ਮੌਸਮ ਅਨੁਸਾਰ 10 ਅਪ੍ਰੈਲ ਤੋਂ ਸ਼ੁਰੂ ਕੀਤੀ ਜਾਵੇਗੀ ਜਿਸ ਵਾਸਤੇ ਮੰਡੀ ਬੋਰਡ ਦੀਆਂ 2100 ਪੱਕੀਆਂ ਮੰਡੀਆਂ ਤੋਂ ਇਲਾਵਾ 1500 ਤੋਂ ਵੱਧ ਆਰਜ਼ੀ ਖ਼ਰੀਦ ਕੇਂਦਰਾਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ |
ਮੰਡੀਆਂ ਤੇ ਖ਼ਰੀਦ ਕੇਂਦਰਾਂ ਵਿਚੋਂ ਫ਼ਸਲ ਦੀ ਸਫ਼ਾਈ ਛਾਨਣਾ, ਸੁਕਾਉਣ ਉਪਰੰਤ ਬੋਰੀਆਂ ਵਿਚ ਭਰਨ ਦੀ ਪ੍ਰਕਿਰਿਆ ਵਾਸਤੇ 50-50 ਕਿਲੋ ਦੇ ਥੈਲੇ ਜਾਂ ਛੋਟੀਆਂ ਬੋਰੀਆਂ ਖ਼ਰੀਦ ਵਾਸਤੇ 4,37,000 ਵੱਡੀਆਂ ਗੰਢਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਜਿਸ ਵਿਚੋਂ 3,00,000 ਗੰਢਾਂ ਪੰਜਾਬ ਵਿਚ ਪਹੁੰਚ ਚੁੱਕੀਆਂ ਹਨ | ਬਾਕੀ 1,37,000 ਆਉਂਦੇ 15-20 ਦਿਨਾਂ ਵਿਚ ਆ ਜਾਣਗੀਆਂ | ਇਕ ਗੰਢ ਵਿਚ 500 ਬੋਰੀਆਂ ਹੁੰਦੀਆਂ ਹਨ |
ਕੇਂਦਰ ਸਰਕਾਰ ਵਲੋਂ ਕਣਕ ਖ਼ਰੀਦ ਦਾ ਘੱਟੋ ਘੱਟ ਸਮਰਥਨ ਮੁਲ 2015 ਰੁਪਏ ਪ੍ਰਤੀ ਕੁਇੰਟਲ ਪਿਛਲੇ ਸਾਲ ਅਕਤੂਬਰ ਨਵੰਬਰ ਵਿਚ ਹੀ ਐਲਾਨ ਕਰ ਦਿਤਾ ਸੀ ਜੋ ਪਿਛਲੇ ਸਾਲ ਦੀ ਤੈਅ ਸ਼ੁਦਾ ਐਮ.ਐਸ.ਪੀ. ਤੋਂ 40 ਰੁਪਏ ਪ੍ਰਤੀ ਕੁਇੰਟਲ ਵੱਧ ਹੈ | ਇਥੇ ਇਹ ਵੀ ਦਸਣਾ ਬਣਦਾ ਹੈ ਕਿ ਤੈਅ ਕੀਤੇ ਫ਼ਾਰਮੂਲੇ ਮੁਤਾਬਕ ਕੇਂਦਰੀ ਖ਼ੁਰਾਕ ਨਿਗਮ ਨੇ ਕੁਲ 132 ਲੱਖ ਟਨ ਵਿਚੋਂ ਕੇਵਲ 17 ਲੱਖ ਟਨ, ਪਨਗਰੇਨ ਨੇ 34.5 ਲੱਖ ਟਨ, ਮਾਰਕਫ਼ੈੱਡ ਨੇ 32.4 ਲੱਖ ਟਨ, ਪਨਸਪ ਨੇ 31.7 ਲੱਖ ਟਨ ਅਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ 19.5 ਲੱਖ ਟਨ ਕਣਕ ਖ਼ਰੀਦਣੀ ਹੈ | ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਅਤੇ ਹੋਰ ਸਕੀਮਾਂ ਤਹਿਤ, ਕਣਕ ਸਸਤੇ ਭਾਅ ਜਾਂ ਮੁਫ਼ਤ ਦੇਣ ਲਈ 30-30 ਕਿਲੋ ਦੇ ਥੈਲਿਆਂ ਵਿਚ 8 ਤੋਂ 10 ਲੱਖ ਟਨ ਕਣਕ ਦੀ ਖ਼ਰੀਦ ਵੀ ਪੰਜਾਬ ਸਰਕਾਰ ਇਸੇ ਸੀਜ਼ਨ ਵਿਚ ਕਰੇਗੀ |