
1993 'ਚ ਹੋਏ ਬੰਬ ਧਮਾਕੇ ਮਾਮਲੇ 'ਚ ਸਜ਼ਾ ਭੁਗਤ ਰਿਹਾ ਭੁੱਲਰ
ਨਵੀਂ ਦਿੱਲੀ : 1993 ਦੇ ਦਿੱਲੀ ਬੰਬ ਧਮਾਕਿਆਂ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਅੱਜ ਰਿਹਾਈ ਹੋ ਸਕਦੀ ਹੈ। ਇਸ ਗੱਲ ਦਾ ਦਾਅਵਾ ਦਿੱਲੀ ਵਿਚ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਰਾਹੀਂ ਕੀਤਾ ਹੈ। ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਰਾਂਹੀ ਜਾਣਕਾਰੀ ਦਿੱਤੀ ਹੈ ਕਿ ਅੱਜ ਦਿੱਲੀ ਦੀ ਸਜਾ ਸਮੀਖਿਆ ਬੋਰਡ ਦੀ ਮੀਟਿੰਗ ਹੋਵੇਗੀ।
ਇਸ ਮੀਟਿੰਗ ਵਿਚ ਦਵਿੰਦਰਪਾਲ ਸਿੰਘ ਭੁੱਲਰ ਦੀ ਸਜਾ ਨੂੰ ਲੈ ਕੇ ਵੀ ਫੈਸਲਾ ਲਿਆ ਜਾ ਸਕਦਾ ਹੈ।
ਮਨਜਿੰਦਰ ਸਿਰਸਾ ਨੇ ਅਪਣੇ ਟਵੀਟ ਵਿਚ ਲਿਖਿਆ ''ਪੰਜਾਬ ਦੀ ਇੱਕ ਹੋਰ ਵੱਡੀ ਜਿੱਤ : ਦਵਿੰਦਰਪਾਲ ਸਿੰਘ ਭੁੱਲਰ ਦੀ ਅੱਜ ਰਿਹਾਈ ਹੋ ਸਕਦੀ ਹੈ। ਭਾਰਤ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਰਿਹਾਅ ਕੀਤੇ 8 ਬੰਦੀ ਸਿੰਘਾਂ ਵਿਚੋਂ ਪ੍ਰੋ. ਭੁੱਲਰ ਇਕ ਸਨ ਪਰ ਅਰਵਿੰਦ ਕੇਜਰੀਵਾਲ ਦੀਆਂ ਸਿਆਸੀ ਮਜ਼ਬੂਰੀਆਂ ਕਾਰਨ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਗਿਆ।''
ਮਨਜਿੰਦਰ ਸਿਰਸਾ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਪ੍ਰੋ. ਭੁੱਲਰ ਦੀ ਰਿਹਾਈ ਨੂੰ ਲੈ ਕੇ ਟਵੀਟ ਕੀਤਾ ਹੈ। ਉਹਨਾਂ ਨੇ ਲਿਖਿਆ ਕਿ ''ਖਾਲਸਾ ਪੰਥ ਦੇ ਨਿਰੰਤਰ ਦਬਾਅ ਸਦਕਾ ਆਖ਼ਿਰ ਕਾਰ ਸਜ਼ਾ ਸਮੀਖਿਆ ਬੋਰਡ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ 'ਤੇ ਵਿਚਾਰ ਕਰਨ ਬਾਰੇ ਬੈਠਕ ਲਈ ਮਜ਼ਬੂਰ ਹੋ ਗਿਆ ਹੈ। ਇਸ ਸਮੀਖਿਆ ਬੋਰਡ ਦੇ ਪੈਨਲ ਨੂੰ ਮੇਰੀ ਅਪੀਲ ਹੈ ਕਿ ਬਿਨ੍ਹਾਂ ਕਿਸੇ ਦੇਰੀ ਦੇ ਪ੍ਰੋ. ਭੁੱਲਰ ਦੀ ਰਿਹਾਈ ਦੀ ਸਿਫ਼ਾਰਸ਼ ਕੀਤੀ ਜਾਵੇ।''