
ਆਟਾ ਚੱਕੀ ਦੇ ਮੀਟਰ ਦੀ ਰੀਡਿੰਗ ਸਮੇਂ ਬਿਜਲੀ ਦੇ ਵੱਧ ਲੋਡ ਦਾ ਡਰਾਵਾ ਦੇ ਕੇ ਸ਼ਿਕਾਇਤਕਰਤਾ ਪਾਸੋਂ 2,000 ਰੁਪਏ ਰਿਸ਼ਵਤ ਮੰਗੀ ਸੀ
ਸ੍ਰੀ ਮੁਕਤਸਰ ਸਾਹਿਬ : ਪੰਜਾਬ ਵਿਜੀਲੈਂਸ ਬਿਉਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਗੁਰਮੀਤ ਸਿੰਘ ਮੀਟਰ ਰੀਡਰ, ਸਬ ਡਵੀਜਨ, ਸ੍ਰੀ ਮੁਕਤਸਰ ਸਾਹਿਬ ਨੂੰ 500 ਰੁਪਏ ਰਿਸ਼ਵਤ ਹਾਸਲ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਰ ਰੀਡਰ ਨੂੰ ਸੰਦੀਪ ਕੁਮਾਰ ਵਾਸੀ ਟਿੱਬੀ ਸਾਹਿਬ ਰੋਡ, ਸ੍ਰੀ ਮੁਕਤਸਰ ਸਾਹਿਬ ਵੱਲੋਂ ਮੁੱਖ ਮੰਤਰੀ ਐਂਟੀ ਕੁਰੱਪਸ਼ਨ ਐਕਸ਼ਨਲਾਈਨ ਉਪਰ ਪ੍ਰਾਪਤ ਆਨਲਾਈਨ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਨਲਾਈਨ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਕਤ ਬਿਜਲੀ ਮੁਲਾਜ਼ਮ ਨੇ ਉਸਦੀ ਆਟਾ ਚੱਕੀ ਦੇ ਮੀਟਰ ਦੀ ਰੀਡਿੰਗ ਸਮੇਂ ਬਿਜਲੀ ਦੇ ਵੱਧ ਲੋਡ ਦਾ ਡਰਾਵਾ ਦੇ ਕੇ ਸ਼ਿਕਾਇਤਕਰਤਾ ਪਾਸੋਂ 2,000 ਰੁਪਏ ਰਿਸ਼ਵਤ ਮੰਗੀ ਸੀ ਅਤੇ 500 ਰੁਪਏ ਬਤੌਰ ਰਿਸ਼ਵਤ ਹਾਸਲ ਕੀਤੀ ਸੀ
ਜਿਸ ਕਰਕੇ ਸ਼ਿਕਾਇਤਕਰਤਾ ਨੇ ਇਹ ਪੈਸੇ ਲੈਂਦੇ ਦੀ ਵੀਡਿਓ ਰਿਕਾਰਡਿੰਗ ਕਰ ਲਈ ਸੀ ਜੋ ਉਸਨੇ ਵਿਜੀਲੈਂਸ ਨੂੰ ਸ਼ਿਕਾਇਤ ਦੇ ਨਾਲ ਬਤੌਰ ਸਬੂਤ ਦੇ ਦਿੱਤੀ ਹੈ। ਵਿਜੀਲੈਂਸ ਬਿਉਰੋ ਵੱਲੋਂ ਇਸ ਸ਼ਿਕਾਇਤ ਦੀ ਪੜਤਾਲ ਦੌਰਾਨ ਉਕਤ ਦੋਸ਼ੀ ਵੱਲੋਂ ਸ਼ਿਕਾਇਤਕਰਤਾ ਪਾਸੋਂ ਰਿਸ਼ਵਤ ਹਾਸਲ ਕਰਨਾ ਪਾਇਆ ਗਿਆ, ਜਿਸ ਤੇ ਆਧਾਰ ਤੇ ਉਕਤ ਮੀਟਰ ਰੀਡਰ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਵਿਜੀਲੈਂਸ ਬਿਉਰੋ ਦੇ ਥਾਣਾ ਬਠਿੰਡਾ ਵਿਖੇ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਸ੍ਰੀ ਮੁਕਤਸਰ ਸਾਹਿਬ ਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ।।