
ਕਰਜ਼ਾਈ ਕਿਸਾਨ ਨੇ ਜ਼ਹਿਰ ਪੀ ਕੇ ਜਾਨ ਦੇ ਦਿਤੀ। ਗੁਰਪ੍ਰੀਤ ਸਿੰਘ (35) ਪੁੱਤਰ ਬਲਦੇਵ ਸਿੰਘ ਪਿੰਡ ਬੁਰਜ ਢਿੱਲਵਾਂ ਨੇ ਖੇਤ ਵਿਚ ਜਾ ਕੇ ਜ਼ਹਿਰ ਪੀਤੀ ਤੇ ਉਸ ਨੂੰ...
ਜੋਗਾ, 29 ਜੁਲਾਈ (ਮੱਖਣ ਸਿੰਘ ਉੱਭਾ) : ਕਰਜ਼ਾਈ ਕਿਸਾਨ ਨੇ ਜ਼ਹਿਰ ਪੀ ਕੇ ਜਾਨ ਦੇ ਦਿਤੀ। ਗੁਰਪ੍ਰੀਤ ਸਿੰਘ (35) ਪੁੱਤਰ ਬਲਦੇਵ ਸਿੰਘ ਪਿੰਡ ਬੁਰਜ ਢਿੱਲਵਾਂ ਨੇ ਖੇਤ ਵਿਚ ਜਾ ਕੇ ਜ਼ਹਿਰ ਪੀਤੀ ਤੇ ਉਸ ਨੂੰ ਡੀ.ਐਮ.ਸੀ. ਲੁਧਿਆਣਾ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਉਸ ਦੇ ਭਰਾ ਦਾ ਕਹਿਣਾ ਹੈ ਕਿ ਗੁਰਪ੍ਰੀਤ ਸਿੰਘ ਦੇ ਸਿਰ 20-22 ਲੱਖ ਰੁਪਏ ਦਾ ਕਰਜ਼ਾ ਸੀ। ਉਸ ਦੇ ਪਰਵਾਰ ਵਿਚ ਪਤਨੀ ਤੇ ਦੋ ਲੜਕੇ ਹਨ। ਪੁਲਿਸ ਨੇ174 ਦੀ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਦਿਤਾ।
ਤਲਵੰਡੀ ਸਾਬੋ ਤੋਂ ਜਸਬੀਰ ਸਿੱਧੂ ਅਨੁਸਾਰ : ਪਿੰਡ ਜਗ੍ਹਾ ਰਾਮ ਤੀਰਥ 'ਚ ਬੀਤੀ ਰਾਤ ਕਰਜ਼ਾਈ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ। 6 ਏਕੜ ਜ਼ਮੀਨ ਦੇ ਮਾਲਕ ਨੌਜਵਾਨ ਕਿਸਾਨ ਨਿਰਭੈ ਸਿੰਘ (32) ਪੁੱਤਰ ਨਿਰੰਜਣ ਸਿੰਘ ਦੇ ਸਿਰ ਲਗਭਗ 12 ਲੱਖ ਰੁਪਏ ਦਾ ਬੈਕਾਂ ਅਤੇ ਆੜ੍ਹਤੀਆਂ ਦਾ ਕਰਜ਼ਾ ਸੀ। ਉਸ ਦੇ ਪਰਵਾਰ ਵਿਚ ਪਤਨੀ ਅਤੇ ਤਿੰਨ ਬੱਚੇ ਹਨ। ਰਾਤ ਨੂੰ ਕਰੀਬ ਗਿਆਰਾਂ ਵਜੇ ਪਰਵਾਰ ਦਾ ਕੋਈ ਜੀਅ ਉਠਿਆ ਤਾਂ ਕਿਸਾਨ ਦੁਆਰਾ ਖ਼ੁਦਕੁਸ਼ੀ ਕਰਨ ਦਾ ਪਤਾ ਲੱਗਾ। ਉਸ ਨੇ ਅਪਣੇ ਪੁਰਾਣੇ ਘਰ ਦੇ ਕਮਰੇ ਵਿਚ ਰੱਸੀ ਨਾਲ ਫਾਹਾ ਲਿਆ ਹੋਇਆ ਸੀ। ਏ.ਐਸ.ਆਈ ਕ੍ਰਿਸ਼ਨ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਤੇ ਸਹਾਰਾ ਕਲੱਬ ਤਲਵੰਡੀ ਸਾਬੋ ਦੇ ਵਰਕਰਾਂ ਦੀ ਮਦਦ ਨਾਲ ਨੌਜਵਾਨ ਕਿਸਾਨ ਨੂੰ ਰੱਸੀ ਤੋਂ ਹੇਠਾਂ ਉਤਾਰਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਇਹ ਪਿੰਡ ਆਮ ਆਦਮੀ ਪਾਰਟੀ ਦੀ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦਾ ਵੀ ਜੱਦੀ ਪਿੰਡ ਹੈ।
ਦਿੜਬਾ ਮੰਡੀ ਤੋਂ ਮਹਿੰਦਰ ਸਿੰਘ ਚਹਿਲ/ ਰਣਯੋਧ ਸਿੰਘ ਸੰਧੂ ਅਨੁਸਾਰ : ਨੇੜਲੇ ਪਿੰਡ ਕੌਹਰੀਆਂ ਵਿਚ ਕਿਸਾਨ ਨੇ ਕਰਜ਼ੇ ਦੇ ਬੋਝ ਕਾਰਨ ਖ਼ੁਦਕੁਸ਼ੀ ਕਰ ਲਈ।
ਕਰਮਜੀਤ ਸਿੰਘ ਪੁੱਤਰ ਬਲਬੀਰ ਸਿੰਘ (30) ਕੋਲ ਕੁਲ ਡੇਢ ਦੋ ਏਕੜ ਜ਼ਮੀਨ ਸੀ ਤੇ ਸਰਕਾਰੀ ਤੇ ਗ਼ੈਰ-ਸਰਕਾਰੀ ਲਗਭਗ 17 ਲੱਖ ਰੁਪਏ ਦਾ ਕਰਜ਼ਾ ਸੀ। ਉਸ ਨੇ ਅਪਣੇ ਖੇਤ ਵਿਚ ਜਾ ਕੇ ਕੋਈ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਰਵਾਰ ਵਿਚ ਪਤਨੀ ਸਮੇਤ 4 ਸਾਲ ਦਾ ਲੜਕਾ ਹੈ। ਪੁਲਿਸ ਨੇ 174 ਦੀ ਕਾਰਵਾਈ ਕਰ ਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿਤੀ ਹੈ।