
ਪੰਜਾਬ ਵਿਚ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਪਹਿਲੇ ਦਿਨ ਤੋਂ ਹੀ ਬੜੀ ਸ਼ਿੱਦਤ ਤੇ ਮਿਹਨਤ ਨਾਲ ਕਿਸਾਨੀ ਕਰਜ਼ਿਆਂ ਤੋਂ ਰਾਹਤ ਦਿਵਾਉਣ ਲਈ ਦਿਨ ਰਾਤ ਕੰਮ..
ਚੰਡੀਗੜ੍ਹ, 28 ਜੁਲਾਈ (ਜੀ.ਸੀ. ਭਾਰਦਵਾਜ) : ਪੰਜਾਬ ਵਿਚ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਪਹਿਲੇ ਦਿਨ ਤੋਂ ਹੀ ਬੜੀ ਸ਼ਿੱਦਤ ਤੇ ਮਿਹਨਤ ਨਾਲ ਕਿਸਾਨੀ ਕਰਜ਼ਿਆਂ ਤੋਂ ਰਾਹਤ ਦਿਵਾਉਣ ਲਈ ਦਿਨ ਰਾਤ ਕੰਮ ਕਰ ਰਹੀ ਹੈ। ਪਿਛਲੇ 2 ਦਿਨ ਤੋਂ ਰਿਜ਼ਰਵ ਬੈਂਕ ਤੇ ਨਾਬਾਰਡ ਨਾਲ ਕੀਤੀਆਂ ਅਹਿਮ ਬੈਠਕਾਂ ਅਤੇ ਵਿਚਾਰੇ ਗਏ ਫ਼ਾਰਮੂਲੇ ਬਾਰੇ 'ਰੋਜ਼ਾਨਾ ਸਪੋਕਸਮੈਨ' ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਸਿਆ ਕਿ ਕੁਲ 9500 ਤੋਂ ਲੈ ਕੇ 10,000 ਕਰੋੜ ਦੇ ਫ਼ਸਲੀ ਤੇ ਕਿਸਾਨੀ ਕਰਜ਼ੇ ਮੁਆਫ਼ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਪ੍ਰਤੀ ਕਿਸਾਨ 2 ਲੱਖ ਤਕ ਕਰਜ਼ਾ ਮੁਆਫ਼ੀ ਦੀ ਰਾਹਤ ਮਿਲੇਗੀ ਜਿਸ ਵਿਚ 5 ਏਕੜ ਤਕ ਜ਼ਮੀਨ ਮਾਲਕ ਆਉਣਗੇ। ਵਿੱਤ ਮੰਤਰੀ ਦਾ ਕਹਿਣਾ ਸੀ ਕਿ ਆਰ.ਬੀ.ਆਈ ਤੇ ਨਾਬਾਰਡ ਦੀ ਸਹਿਮਤੀ ਨਾਲ ਹੀ ਫ਼ਾਰਮੂਲਾ ਤੇ ਢੰਗ ਤਰੀਕਾ ਤੈਅ ਕਰਨ ਲਈ ਅਸੀਂ ਮਾਹਰ ਅਧਿਕਾਰੀਆਂ ਨੂੰ ਨਾਲ ਲੈ ਕੇ ਮੁੰਬਈ ਗਏ ਸੀ, ਦੋ ਦਿਨ ਵਿਚ ਕੀਤੀ ਚਰਚਾ ਸਾਰਥਕ ਰਹੀ, ਇਹ ਵੀ ਤੈਅ ਕੀਤਾ ਗਿਆ ਕਿ ਬੈਂਕ, ਕਿਸਾਨੀ ਕਰਜ਼ਿਆਂ ਦਾ ਵੇਰਵਾ ਸਰਕਾਰ ਨੂੰ ਦੇਣਗੇ ਅਤੇ ਪੰਜਾਬ ਸਰਕਾਰ ਪ੍ਰਤੀ ਕਿਸਾਨ 2 ਲੱਖ ਤਕ ਦੀ ਰਾਹਤ ਦੇਵੇਗੀ। ਇਸ ਸਾਰੇ ਸਿਸਟਮ ਨੂੰ ਸਿਰੇ ਚੜ੍ਹਾਉਣ ਲਈ ਅਜੇ 4 ਕੁ ਮਹੀਨੇ ਹੋਰ ਲੱਗ ਸਕਦੇ ਹਨ ਅਤੇ ਸਾਰਾ ਝੰਜਟ ਵਿਰੋਧੀ ਧਿਰ ਵਲੋਂ ਕੀਤੀ ਆਲੋਚਨਾ ਮੁਤਾਬਕ ਜਲਦੀ ਕਰਾਂਗੇ।
ਵਿੱਤ ਮੰਤਰੀ ਨੇ ਕਿਹਾ ਕਿ ਪੀੜਤ ਕਿਸਾਨਾਂ ਦੀਆਂ ਲਿਸਟਾਂ, ਵੇਰਵਾ ਅਤੇ ਵਿੱਤੀ ਅੰਕੜੇ ਬਣਾਉਣ ਲਈ ਨਾਬਾਰਡ ਤੇ ਰਿਜ਼ਰਵ ਬੈਂਕ ਦੀ ਹਾਂ ਅਤੇ ਇਸ਼ਾਰਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲਈ ਏਨੀ ਵੱਡੀ ਰਕਮ ਦਾ ਯਕਮੁਸ਼ਤ ਯਾਨੀ ਵਨ-ਟਾਈਮ-ਸੈਟਲਮੈਂਟ ਕਰਨ ਦਾ ਰਸਤਾ ਵੀ ਲੱਭ ਰਹੀ ਹੈ, ਕੁੱਝ ਭਾਰ ਬੈਂਕਾਂ ਨੂੰ ਵੀ ਝਲਣਾ ਪੈ ਸਕਦਾ ਹੈ। ਟੀ.ਐਸ. ਹੱਕ ਕਮੇਟੀ ਦੀ ਰੀਪੋਰਟ ਬਾਰੇ ਪੁਛੇ ਸਵਾਲ ਦਾ ਜਵਾਬ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਮਾਹਰਾਂ ਦੀ ਇਹ ਕਮੇਟੀ 17 ਅਗੱਸਤ ਨੂੰ ਫ਼ਾਈਨਲ ਰੀਪੋਰਟ ਦੇਵੇਗੀ, ਅੰਤਰਮ ਰੀਪੋਰਟ ਪਹਿਲਾਂ ਹੀ ਦੇ ਚੁੱਕੀ ਹੈ।
ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਪਹਿਲਾਂ ਹੀ ਕਈ ਵਾਰ ਐਲਾਨ ਕੀਤਾ ਕਿ ਵਿਧਾਨ ਸਭਾ ਸੈਸ਼ਨ ਵਿਚ ਵੀ ਕਿਹਾ ਸੀ ਕਿ 2 ਲੱਖ ਰੁਪਏ ਤਕ ਦੀ ਕਰਜ਼ਾ ਮੁਆਫ਼ੀ ਕਿਸਾਨਾਂ ਨੂੰ ਮਿਲੇਗੀ, ਸਰਕਾਰ ਬੈਂਕਾਂ ਨੂੰ ਭਰਪਾਈ ਕਰੇਗੀ, ਕਿਸੇ ਕਿਸਾਨ ਦੀ ਜ਼ਮੀਨ ਕੁਰਕ ਨਹੀਂ ਹੋਵੇਗੀ। ਵਿਰੋਧੀ ਧਿਰ ਵਲੋਂ ਸਰਕਾਰ ਦੀ ਕੀਤੀ ਜਾ ਰਹੀ ਆਲੋਚਨਾ ਬਾਰੇ ਵਿੱਤ ਮੰਤਰੀ ਨੇ ਸਪੱਸ਼ਟ ਕੀਤਾ ਕਿ ਅਕਾਲੀ ਦਲ ਨੇ ਪਿਛਲੇ 10 ਸਾਲਾਂ ਵਿਚ ਪੰਜਾਬ ਦੀ ਵਿੱਤੀ ਹਾਲਤ ਨੂੰ ਸੰਕਟ ਵਿਚ ਪਾ ਦਿਤਾ ਅਤੇ ਹੁਣ ਗੱਡੀ ਲੀਹ 'ਤੇ ਲਿਆਉਣ ਅਤੇ ਕਿਸਾਨਾਂ ਦੀ ਮਦਦ ਕਰਨ ਵਾਸਤੇ ਕਾਂਗਰਸ ਸਰਕਾਰ ਨੂੰ 10 ਮਹੀਨੇ ਤਾਂ ਜ਼ਰੂਰ ਦੇਣ।
ਇਹ ਪੁੱਛੇ ਜਾਣ 'ਤੇ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨੀ ਕਰਜ਼ਿਆਂ ਬਾਰੇ ਕੀ ਮਦਦ ਕਰ ਰਹੀ ਹੈ, ਦੇ ਜਵਾਬ ਵਿਚ ਵਿੱਤ ਮੰਤਰੀ ਨੇ ਕਿਹਾ ਕਿ ਅਜੇ ਤਕ ਇਸ ਮੁੱਦੇ 'ਤੇ ਕੇਂਦਰ ਨੇ ਕੋਈ ਹਾਮੀ ਨਹੀਂ ਭਰੀ, ਸਾਰਾ ਭਾਰ ਪੰਜਾਬ ਸਰਕਾਰ ਨੂੰ ਖ਼ੁਦ ਹੀ ਝਲਣਾ ਪੈਣਾ ਹੈ। ਵਿੱਤ ਮੰਤਰੀ ਨੇ ਕਿਹਾ ਕਿ 70 ਸਾਲਾਂ ਦੀ ਬੈਂਕ ਕਰਜ਼ਿਆਂ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸੂਬਾ ਸਰਕਾਰ ਨੇ ਕਰਜ਼ਾ ਪੀੜਤ ਕਿਸਾਨਾਂ ਨੂੰ ਰਾਹਤ ਦਿਵਾਉਣੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ 10 ਲੱਖ ਪਰਵਾਰ ਸੰਕਟ ਵਿਚੋਂ ਬਾਹਰ ਆਉਣਗੇ ਤੇ ਖ਼ੁਦਕੁਸ਼ੀਆਂ ਰੁਕ ਜਾਣਗੀਆਂ।