
ਬੰਗਾਲ 'ਚ 80.53 ਫ਼ੀ ਸਦੀ ਅਤੇ ਅਸਾਮ ਵਿਚ 73.03 ਫ਼ੀ ਸਦੀ ਵੋਟਾਂ ਪਈਆਂ
ਕਿਹਾ, ਚੋਣ ਕਮਿਸ਼ਨ ਅਮਿਤ ਸ਼ਾਹ ਦੇ ਇਸ਼ਾਰੇ 'ਤੇ ਕਰ ਰਿਹੈ ਕੰਮ
ਨੰਦੀਗ੍ਰਾਮ, 1 ਅਪ੍ਰੈਲ : ਪਛਮੀ ਬੰਗਾਲ ਅਤੇ ਅਸਾਮ ਦੀਆਂ 69 ਸੀਟਾਂ 'ਤੇ ਵੀਰਵਾਰ ਨੂੰ ਦੂਜੇ ਪੜਾਅ ਦੀਆਂ ਚੋਣਾਂ ਲਈ ਵੋਟਿੰਗ ਹੋਈ | ਬੰਗਾਲ ਵਿਚ ਹਿੰਸਾ ਅਤੇ ਬੂਥਾਂ 'ਤੇ ਕਬਜਾ ਕਰਨ ਦੀਆਂ ਕੁੱਝ ਘਟਨਾਵਾਂ ਦੌਰਾਨ 80% ਤੋਂ ਵੱਧ ਲੋਕਾਂ ਨੇ ਵੋਟਾਂ ਪਾਈਆਂ | ਚੋਣ ਕਮਿਸ਼ਨ ਦੇ ਅਨੁਸਾਰ ਸਾਮ 6 ਵਜੇ ਤਕ ਬੰਗਾਲ ਵਿਚ 80.53% ਅਤੇ ਅਸਾਮ ਵਿਚ 73.03% ਵੋਟਾ ਪਈਆਂ | ਬੰਗਾਲ ਵਿੱਚ ਮਤਦਾਨ ਦੇ ਪਹਿਲੇ ਪੜਾਅ ਵਿਚ, ਅਸਾਮ ਵਿਚ 79.79% ਅਤੇ 72.14% ਵੋਟਿੰਗ ਹੋਈ |
ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨੰਦੀਗ੍ਰਾਮ ਖੇਤਰ 'ਚ ਹਿੰਸਾ ਦੀਆਂ ਘਟਨਾਵਾਂ ਦੌਰਾਨ ਵੀਰਵਾਰ ਨੂੰ ਚੋਣ ਕਮਿਸ਼ਨ ਦੀ ਨਿੰਦਾ ਕੀਤੀ ਅਤੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਪਾਰਟੀ ਵਲੋਂ ਚੋਣ ਸਬੰਧੀ ਕਈ ਸ਼ਿਕਾਇਤਾਂ ਦਰਜ ਕਰਾਏ ਜਾਣ ਦੇ ਬਾਵਜੂਦ ਚੋਣ ਕਮਿਸ਼ਨ ਕੋਈ ਕਾਰਵਾਈ ਨਹੀਂ ਕਰ ਰਿਹਾ | ਉਨ੍ਹਾਂ ਨੇ ਇਸ ਮੁੱਦੇ 'ਤੇ ਅਦਾਲਤ ਜਾਣ ਦੀ ਧਮਕੀ ਦਿਤੀ | ਨੰਦੀਗ੍ਰਾਮ ਦੇ ਬੋਇਲ ਬੂਥ ਨੰਬਰ ਸੱਤ ਦੇ ਬਾਹਰ ਵ੍ਹੀਲਚੇਅਰ 'ਤੇ ਬੈਠੀ ਬੈਨਰਜੀ ਨੇ ਕਿਹਾ, ''ਅਸੀਂ ਸਵੇਰ ਤੋਂ 63 ਸ਼ਿਕਾਇਤਾਂ ਦਰਜ ਕਰਾਈਆਂ ਹਨ | ਪਰ ਕੋਈ ਕਾਰਵਾਈ ਨਹੀਂ ਕੀਤੀ ਗਈ |
ਅਸੀਂ ਇਸ ਨੂੰ ਲੈ ਕੇ ਅਦਾਲਤ ਜਾਵਾਂਗੇ | ਇਹ ਅਸਵੀਕਾਰਯੋਗ ਹੈ |'' ਉਨ੍ਹਾਂ ਦੋਸ਼ ਲਗਇਆ, ''ਚੋਣ ਕਮਿਸ਼ਨ ਅਮਿਤ ਸ਼ਾਹ ਦੇ ਇਸ਼ਾਰੇ 'ਤੇ ਕੰਮ ਕਰ ਰਿਹਾ ਹੈ |'' ਬੈਨਰਜੀ ਨੇ ਕਿਹਾ, ''ਦੂਜੇ ਰਾਜਾਂ ਤੋਂ ਆੲੈ ਗੁੰਡੇ ਇਥੇ ਵੋਟਰਾਂ ਨੂੰ ਡਰਾ ਰਹੇ ਹਨ | ਬੈਨਰਜੀ ਨੰਦੀਗ੍ਰਾਮ ਤੋਂ ਅਪਣੇ ਸਾਬਕਾ ਸਹਿਯੋਗੀ ਸ਼ੁਭੇਂਦੁ ਅਧਿਕਾਰੀ ਵਿਰੁਧ ਚੋਣ ਲੜ ਰਹੀ ਹੈ ਜੋ ਤਿ੍ਣਮੂਲ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ |
ਤਿ੍ਣਮੂਲ ਕਾਂਰਗਸ ਨੇ ਬੂਥ ਨੰਬਰ 7 'ਤੇ ਮੁੜ ਵੋਟਿੰਗ ਕਰਾਉਣ ਦੀ ਮੰਗ ਕੀਤੀ ਹੈ ਅਤੇ ਦੋਸ਼ ਲਗਾਇਆ ਕਿ ਉਸ ਦੇ ਵਰਕਰਾਂ ਨੂੰ ਭਾਜਪਾ ਸਮਰਥਕਾਂ ਨੇ ਕੁੱਟਿਆ ਹੈ | ਸ਼ੁਭੇਂਦੁ ਅਧਿਕਾਰੀ ਨੇ ਇਨ੍ਹਾਂ ਦੋਸ਼ਾਂ ਨੂੰ ਖ਼ਾਰਜ਼ ਕਰਦੇ ਹੋਏ ਦਾਅਵਾ ਕੀਤਾ ਕਿ ਸੂਬੇ 'ਚ ਸੱਤਾਧਾਰੀ ਪਾਰਟੀ ਹਾਰ ਰਹੀ ਹੈ | ਇਸ ਤੋਂ ਪਹਿਲਾਂ ਮਮਤਾ ਬੈਨਰਜੀ ਜਦੋਂ ਬੋਇਲ ਪਹੁੰਚੀ ਤਾਂ ਭਾਜਪਾ ਸਮਰਥਾਂ ਨੇ 'ਜੈ ਸ਼੍ਰੀ ਰਾਮ' ਦੇ ਨਾਹਰੇ ਲਗਾਏ ਸਨ | ਚੋਣ ਕਮਿਸ਼ਨ ਨੇ ਬੋਇਲ 'ਚ ਹੋਈ ਹਿੰਸਾ ਦੇ ਮਾਮਲੇ 'ਚ ਪ੍ਰਸ਼ਾਸਨ ਨੂੰ ਰੀਪੋਰਟ ਦੇਣ ਲਈ ਕਿਹਾ ਹੈ | image