
ਜੰਗਲਪਾਣੀ ਗਏ ਵਿਅਕਤੀ ਦਾ ਬੇਰਹਿਮੀ ਨਾਲ ਕਤਲ
ਅੰਮ੍ਰਿਤਸਰ, 1 ਅਪ੍ਰੈਲ (ਅਮਰੀਕ ਸਿੰਘ ਵੱਲਾ) : ਪੁਲਿਸ ਥਾਣਾ ਵੱਲਾ ਤੋਂ ਕੁਝ ਹੀ ਦੂਰੀ ’ਤੇ ਇਕ ਵਿਅਕਤੀ ਦੇ ਸਿਰ ’ਤੇ ਰਾਡ ਮਾਰ ਕੇ ਕਤਲ ਕਰ ਦਿਤਾ ਗਿਆ।
ਵਿਅਕਤੀ ਦੀ ਪਹਿਚਾਣ ਰਾਜਕੁਮਾਰ ਪੁੱਤਰ ਬੂਅ ਦਾਸ ਉਮਰ 56 ਸਾਲ ਵਾਸੀ ਵੱਲਾ ਵਜੋਂ ਹੋਈ ਹੈ। ਪਰਵਾਰਕ ਮੈਂਬਰਾਂ ਨੇ ਕਿਹਾ ਕਿ ਹਮੇਸ਼ਾ ਦੀ ਤਰ੍ਹਾਂ ਰਾਜਕੁਮਾਰ ਵੀਰਵਾਰ ਸਵੇਰੇ 8 ਵਜੇ ਆਪਣੇ ਸਾਈਕਲ ’ਤੇ ਸਵਾਰ ਹੋ ਕੇ ਜੰਗਲ ਪਾਣੀ ਲਈ ਨਹਿਰ ਦੇ ਕਿਨਾਰੇ ਗਿਆ ਸੀ। 2 ਘੰਟੇ ਬੀਤ ਜਾਣ ਦੇ ਬਾਵਜੂਦ ਜਦ ਉਹ ਘਰ ਵਾਪਸ ਨਾ ਆਇਆ ਤਾਂ ਉਨ੍ਹਾਂ ਨੇ ਰਾਜਕੁਮਾਰ ਨੂੰ ਲੱਭਣਾ ਸ਼ੁਰੂ ਕਰ ਦਿਤਾ।
ਰਾਜ ਕੁਮਾਰ ਦੇ ਪੁੱਤਰ ਰਮੇਸ਼ ਕੁਮਾਰ ਨੇ ਦਸਿਆ ਕਿ ਥਾਣਾ ਵੱਲਾ ਦੇ ਸਾਹਮਣੇ ਕੁਝ ਦੂਰੀ ’ਤੇ ਨਹਿਰ ਦੀ ਪਟੜੀ ਕਿਨਾਰੇ ਝਾੜੀਆਂ ਵਿਚ ਖ਼ੂਨ ਨਾਲ ਲੱਥਪੱਥ ਹਾਲਤ ਵਿਚ ਮਿਲਿਆ। ਸੂਚਨਾ ਮਿਲਣ ’ਤੇ ਪੁਲਿਸ ਨੇ ਪਹੁੰਚ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਗੁਰੂ ਰਾਮਦਾਸ ਹਸਪਤਾਲ ਸ਼ਹੀਦਾਂ ਸਾਹਿਬ ਲਿਜਾਇਆ ਗਿਆ ਜਿਥੇ ਉਸ ਨੇ ਦਮ ਤੋੜ ਦਿਤਾ।
ਮੌਕੇ ’ਤੇ ਪੁਲਿਸ ਨੂੰ ਇਕ ਲਹੂ ਨਾਲ ਭਿੱਜੀ ਹੋਈ ਲੋਹੇ ਦੀ ਰਾਡ, ਗੈਸ ਕੁਨੈਕਸ਼ਨ ਦੀ ਕਾਪੀ ਤੇ ਇਕ ਸ਼ਾਲ ਬਰਾਮਦ ਹੋਈ। ਪ੍ਰੰਤੂ ਰਾਜ ਕੁਮਾਰ ਦੀ ਸਾਈਕਲ ਨਹੀਂ ਮਿਲੀ। ਮ੍ਰਿਤਕ ਦਾ ਪੋਸਟਮਾਰਟਮ ਕਰਵਾਉੲ ਉਪਰੰਤ ਮ੍ਰਿਤਕ ਦੇਹ ਵਾਰਸਾਂ ਦੇ ਹਵਾਲੇ ਕਰ ਦਿਤੀ ਗਈ। ਥਾਣਾ ਵੱਲਾ ਦੇ ਇੰਚਾਰਜ ਜਸਬੀਰ ਸਿੰਘ ਨੇ ਦਸਿਆ ਕਿ ਵੱਖ-ਵੱਖ ਥਾਵਾਂ ’ਤੇ ਕਤਲ ਦਾ ਸੁਰਾਗ ਲੱਭਣ ਲਈ ਪੁਲਿਸ ਪਾਰਟੀਆਂ ਤੈਨਾਤ ਕਰ ਦਿਤੀਆਂ ਹਨ।
ਉਨ੍ਹਾਂ ਕਿਹਾ ਕਿ ਇਹ ਕਿਸੇ ਰੰਜਿਸ਼ ਦੇ ਤਹਿਤ ਕਤਲ ਕੀਤਾ ਗਿਆ ਜਾਪਦਾ ਹੈ।
ਉਨ੍ਹਾਂ ਕਿਹਾ ਕਿ ਛੇਤੀ ਹੀ ਦੋਸ਼ੀਆਂ ਨੂੰ ਕਾਨੂੰਨ ਦੇ ਸ਼ਿਕੰਜੇ ਵਿਚ ਜਕੜ ਲਿਆ ਜਾਵੇਗਾ।
ਫੋਟੋ 06 ਅੰਮ੍ਰਿਤਸਰ
ਮ੍ਰਿਤਕ ਰਾਜਕੁਮਾਰ ਦੀ ਫਾਇਲ ਫੋਟੋ।