
ਸ਼੍ਰੋਮਣੀ ਕਮੇਟੀ ਵਲੋਂ ਬਰਖ਼ਾਸਤ ਕੀਤੇ ਮੁਲਾਜ਼ਮਾਂ ਨੂੰ ਦੁਬਾਰਾ ਨੌਕਰੀ ’ਤੇ ਰੱਖਣ ਦੇ ਦਿਤੇ ਹੁਕਮ
ਚੰਡੀਗੜ੍ਹ, 2 ਅਪ੍ਰੈਲ (ਭੁੱਲਰ): ਪੰਜਾਬ-ਹਰਿਆਣਾ ਹਾਈ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਝਟਕਾ ਦਿਤਾ ਹੈ। ਹਾਈਕੋਰਟ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਨੌਕਰੀਉਂ ਬਰਖ਼ਾਸਤ ਕੀਤੇ ਗਏ ਤਿੰਨ ਮੁਲਾਜ਼ਮਾਂ ਨੂੰ ਰਾਹਤ ਦਿਤੀ ਹੈ।
ਪੰਜਾਬ-ਹਰਿਆਣਾ ਹਾਈ ਕੋਰਟ ਵਲੋਂ ਸ਼੍ਰੋਮਣੀ ਕਮੇਟੀ ਵਲੋਂ ਹਟਾਏ ਗਏ ਤਿੰਨ ਮੁਲਾਜ਼ਮ ਗੁਰਬਚਨ ਸਿੰਘ, ਬਾਜ਼ ਸਿੰਘ ਤੇ ਦਲਬੀਰ ਸਿੰਘ ਨੂੰ ਰਾਹਤ ਮਿਲੀ ਹੈ। ਦਸਣਯੋਗ ਹੈ ਕਿ ਐਸਜੀਪੀਸੀ ਨੇ ਉਕਤ ਮੁਲਾਜ਼ਮਾਂ ਨੂੰ ਹੇਰਾਫੇਰੀ ਦੇ ਦੋਸ਼ਾਂ ’ਚ ਬਰਖ਼ਾਸਤ ਕੀਤਾ ਸੀ। ਦਸਣਯੋਗ ਹੈ ਕਿ ਅਕਾਲ ਤਖ਼ਤ ਸਾਹਿਬ ਵਲੋਂ ਵੀ 328 ਸਰੂਪ ਲਾਪਤਾ ਦੇ ਮਾਮਲੇ ਦੀ ਜਾਂਚ ਕੀਤੀ ਗਈ ਸੀ। ਇਸ ਤੋਂ ਬਾਅਦ ਦੋਸ਼ੀ ਪਾਏ ਗਏ ਮੁਲਾਜ਼ਮਾਂ ਨੂੰ ਬਰਖ਼ਾਸਤ ਕਰ ਦਿਤਾ ਗਿਆ ਸੀ। ਅੱਜ ਪੰਜਾਬ-ਹਰਿਆਣਾ ਹਾਈ ਕੋਰਟ ਵਲੋਂ ਸ਼੍ਰੋਮਣੀ ਕਮੇਟੀ ਵਲੋਂ ਹਟਾਏ ਗਏ ਤਿੰਨ ਮੁਲਾਜ਼ਮ ਗੁਰਬਚਨ ਸਿੰਘ, ਬਾਜ ਸਿੰਘ ਤੇ ਦਲਬੀਰ ਸਿੰਘ ਨੂੰ ਰਾਹਤ ਦਿਤੀ ਹੈ ਅਤੇ ਤਿੰਨ ਮੁਲਾਜ਼ਮਾਂ ਨੂੰ ਵਾਪਸ ਨੌਕਰੀ ’ਤੇ ਰੱਖਣ ਲਈ ਐਸ.ਜੀ.ਪੀ.ਸੀ. ਨੂੰ ਆਦੇਸ਼ ਦਿਤੇ ਹਨ। ਇਸ ਤੋਂ ਇਲਾਵਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਰਬਾਰ ਸਾਹਿਬ ਵਿਚ ਸੇਵਾਦਾਰਾਂ ਉਤੇ ਨਵੀਂ ਪਾਬੰਦੀ ਲਗਾ ਦਿਤੀ ਹੈ। ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਸੇਵਾਦਾਰਾਂ ਦੇ ਮੋਬਾਈਲ ਫ਼ੋਨ ਵਰਤਣ ਉਤੇ ਪਾਬੰਦੀ ਲਾਈ ਗਈ ਹੈ। ਹੁਣ ਦਰਬਾਰ ਸਾਹਿਬ ਵਿਚ ਸੇਵਾਦਾਰ ਮੋਬਾਈਲ ਫ਼ੋਨ ਦੀ ਥਾਂ ਸਿਰਫ਼ ਵਾਕੀ-ਟਾਕੀ ਦੀ ਵਰਤੋਂ ਕਰਨਗੇ। ਸੁਰੱਖਿਆ ਦੇ ਮੱਦੇਨਜ਼ਰ ਐਸਜੀਪੀਸੀ ਨੇ ਇਹ ਕਦਮ ਚੁਕਿਆ ਹੈ।