
ਬੰਦੂਕ ਦੀ ਨੋਕ 'ਤੇ ਕਰਵਾਏ ਸਨ 1 ਲੱਖ ਰੁਪਏ ਟਰਾਂਸਫਰ ਤੇ ATM 'ਚੋਂ ਕਢਵਾਏ 20 ਹਜ਼ਾਰ ਰੁਪਏ
ਮੋਹਾਲੀ : ਜ਼ੀਰਕਪੁਰ ਵਿੱਚ ਪੁਲਿਸ ਨੇ ਇੱਕ ਬੈਂਕਰ ਤੋਂ 1.2 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਲੁੱਟਣ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਬੋਹਰ ਵਾਸੀ ਨਿਤਿਨ ਕੁਮਾਰ ਅਤੇ ਉਸ ਦੇ ਸਹਿ ਮੁਲਜ਼ਮ ਅਮਿਤ ਕੁਮਾਰ ਵਜੋਂ ਹੋਈ ਹੈ।
ਪੁਲਿਸ ਨੇ ਦੋਵਾਂ ਨੂੰ ਜ਼ੀਰਕਪੁਰ ਦੇ ਸਿਗਮਾ ਸਿਟੀ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 32 ਬੋਰ ਦਾ ਪਿਸਤੌਲ ਅਤੇ ਵਾਰਦਾਤ ਵਿੱਚ ਵਰਤੀ ਗਈ ਸਕੋਡਾ ਕਾਰ ਸਮੇਤ ਪੰਜ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਜ਼ੀਰਕਪੁਰ ਪੁਲਿਸ ਨੇ 48 ਘੰਟਿਆਂ ਵਿੱਚ ਇਸ ਘਟਨਾ ਨੂੰ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਬਾਰੇ ਐੱਸਐੱਸਪੀ ਡਾ: ਸੰਦੀਪ ਗਰਗ ਨੇ ਦੱਸਿਆ ਕਿ ਮੁਲਜ਼ਮ ਲੁਟੇਰਿਆਂ ਨੇ ਪਿਛਲੇ ਸ਼ੁੱਕਰਵਾਰ ਪੀਰ ਵਾਲਾ ਚੌਕ/ਲਾਈਟ ਪੁਆਇੰਟ 'ਤੇ ਬੱਸ ਦੀ ਉਡੀਕ ਕਰ ਰਹੇ ਐੱਸਬੀਆਈ ਬੈਂਕ ਦੇ ਮੁਲਾਜ਼ਮ ਵਿਕਾਸ ਸ਼ਰਮਾ ਨੂੰ ਨਿਸ਼ਾਨਾ ਬਣਾਇਆ। ਲੁਟੇਰਿਆਂ ਨੇ ਪਹਿਲਾਂ ਵਿਕਾਸ ਸ਼ਰਮਾ ਨੂੰ ਲਿਫਟ ਦੀ ਪੇਸ਼ਕਸ਼ ਕੀਤੀ ਅਤੇ ਬਾਅਦ ਵਿੱਚ ਬੰਦੂਕ ਦੀ ਨੋਕ 'ਤੇ ਯੂਪੀਆਈ ਰਾਹੀਂ 1 ਲੱਖ ਰੁਪਏ ਟਰਾਂਸਫਰ ਕਰਨ ਲਈ ਕਿਹਾ। ਇਸ ਤੋਂ ਬਾਅਦ ਉਹ ਵਿਕਾਸ ਸ਼ਰਮਾ ਨੂੰ ਬੰਦੂਕ ਦੀ ਨੋਕ ’ਤੇ ਦਸਮੇਸ਼ ਨਗਰ ਦੇ ਏਟੀਐਮ ’ਤੇ ਲੈ ਗਏ ਅਤੇ ਉਸ ਦੇ ਬੈਂਕ ਖਾਤੇ ’ਚੋਂ 20 ਹਜ਼ਾਰ ਰੁਪਏ ਹੋਰ ਕਢਵਾ ਲਏ।
ਇੰਨਾ ਹੀ ਨਹੀਂ ਸਗੋਂ ਫਰਾਰ ਹੋਣ ਤੋਂ ਪਹਿਲਾਂ ਲੁਟੇਰਿਆਂ ਨੇ ਵਿਕਾਸ ਸ਼ਰਮਾ ਦਾ ਪਰਸ, ਮੋਬਾਈਲ ਤੇ ਸੋਨੇ ਦੀ ਮੁੰਦਰੀ ਵੀ ਲੁੱਟ ਲਈ। ਜ਼ੀਰਕਪੁਰ ਥਾਣੇ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਆਈਪੀਸੀ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ਵਿੱਚ ਸ਼ਾਮਲ ਇੱਕ ਹੋਰ ਮੁਲਜ਼ਮ ਦੀ ਪਛਾਣ ਵਿਨੇਸ਼ ਕੁਮਾਰ ਵਜੋਂ ਹੋਈ ਹੈ, ਜੋ ਲੁੱਟ-ਖੋਹ, ਕਤਲ ਦੀ ਕੋਸ਼ਿਸ਼, ਐਨਡੀਪੀਐਸ ਅਤੇ ਨਾਜਾਇਜ਼ ਹਥਿਆਰਾਂ ਨਾਲ ਸਬੰਧਤ ਪੰਜ ਤੋਂ ਵੱਧ ਕੇਸਾਂ ਵਿੱਚ ਨਾਮਜ਼ਦ ਹੈ।