
ਰਵਨੀਤ ਬਿੱਟੂ 26 ਮਾਰਚ ਨੂੰ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ
Ravneet Bittu: ਲੁਧਿਆਣਾ - ਪੰਜਾਬ ਦੀ ਲੁਧਿਆਣਾ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਅੱਜ ਲੁਧਿਆਣਾ ਪਹੁੰਚ ਗਏ ਹਨ। ਭਾਜਪਾ ਵਰਕਰਾਂ ਨੇ ਰੇਲਵੇ ਸਟੇਸ਼ਨ ’ਤੇ ਢੋਲ ਵਜਾ ਕੇ ਬਿੱਟੂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਬਿੱਟੂ ਸ਼ਹਿਰ ਵਿਚ ਰੋਡ ਸ਼ੋਅ ਕੱਢ ਕੇ ਭਾਜਪਾ ਦਫ਼ਤਰ ਜਾਣਗੇ। ਇਸ ਤੋਂ ਬਾਅਦ ਦੁਪਹਿਰ 3 ਵਜੇ ਪ੍ਰੈੱਸ ਕਾਨਫਰੰਸ ਹੋਵੇਗੀ। ਚਰਚਾ ਹੈ ਕਿ ਇਸ ਦੌਰਾਨ ਉਹ ਭਾਜਪਾ 'ਚ ਆਪਣੇ ਕਈ ਕਰੀਬੀ ਨੇਤਾਵਾਂ ਨੂੰ ਵੀ ਸ਼ਾਮਲ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਰਵਨੀਤ ਬਿੱਟੂ 26 ਮਾਰਚ ਨੂੰ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਪਾਰਟੀ ਵਿਚ ਸ਼ਾਮਲ ਹੋਣ ਤੋਂ ਦੋ ਦਿਨ ਬਾਅਦ ਹੀ ਭਾਜਪਾ ਨੇ ਉਨ੍ਹਾਂ ਨੂੰ ਲੁਧਿਆਣਾ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ। ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਰਵਨੀਤ ਬਿੱਟੂ ਨੇ ਕਿਹਾ ਸੀ ਕਿ ਉਹ ਸ਼ਹੀਦ ਬੇਅੰਤ ਸਿੰਘ ਦੇ ਪਰਿਵਾਰ ਨਾਲ ਸਬੰਧਤ ਹਨ। ਉਹਨਾਂ ਨੇ ਪੰਜਾਬ ਵਿਚ ਕਾਲਾ ਦੌਰ ਦੇਖਿਆ ਹੈ।
ਇਹ ਵੀ ਦੇਖਿਆ ਕਿ ਉਹ ਹਨੇਰਾ ਕਿਵੇਂ ਦੂਰ ਹੋਇਆ। ਅੱਜ ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਪਿਛਲੇ 10 ਸਾਲਾਂ ਵਿਚ ਮੈਂ ਖੁਦ ਦੇਖਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਪੰਜਾਬ ਨੂੰ ਕਿੰਨਾ ਪਿਆਰ ਕਰਦੇ ਹਨ। ਦੋਵੇਂ ਪੰਜਾਬ ਲਈ ਬਹੁਤ ਕੁਝ ਕਰਨਾ ਚਾਹੁੰਦੇ ਹਨ। ਬਾਕੀ ਸੂਬੇ ਕਿੱਥੋਂ ਤੋਂ ਕਿੱਥੇ ਪਹੁੰਚ ਗਏ ਹਨ?
ਅੱਜ ਪੰਜਾਬ ਦੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ ਪੁਲ ਦਾ ਕੰਮ ਕਰਨ ਦੀ ਲੋੜ ਹੈ। ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਦੁਕਾਨਦਾਰਾਂ ਨੂੰ ਇਕੱਠੇ ਹੋਣਾ ਪਵੇਗਾ। ਇੰਡਸਟਰੀ ਨੂੰ ਭਰੋਸੇ ਵਿਚ ਲੈਣਾ ਹੋਵੇਗਾ। ਮੈਂ ਖ਼ੁਦ ਮੋਦੀ ਸਰਕਾਰ ਵਿੱਚ ਲੋਕ ਹਿੱਤ ਵਿੱਚ ਫੈਸਲੇ ਹੁੰਦੇ ਦੇਖਿਆ ਹੈ। ਇਸ ਕਾਰਨ ਮੈਂ ਖੁਦ ਭਾਜਪਾ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।