
ਪ੍ਰਵਾਸੀ ਮਜ਼ਦੂਰ ਕਰਦੇ ਹੁਲੜਬਾਜੀ: ਪੰਚਾਇਤ
Patiala News: ਨਾਭਾ ਬਲਾਕ ਦੇ ਪਿੰਡ ਚੇਹਿਲ ਵਿਖੇ ਪਿੰਡ ਵਿੱਚੋਂ ਕਿਰਾਏ ’ਤੇ ਰਹਿ ਰਹੇ ਚਾਰ ਤੋਂ ਲੈ ਕੇ ਪੰਜ ਹਜ਼ਾਰ ਪਰਵਾਸੀ ਮਜ਼ਦੂਰਾਂ ਨੂੰ ਪਿੰਡ ਵਿੱਚੋਂ ਕੱਢਣ ਦਾ ਫ਼ਰਮਾਨ ਪਿੰਡ ਦੀ ਪੰਚਾਇਤ ਵੱਲੋਂ ਸੁਣਾਇਆ ਗਿਆ। ਪਿੰਡ ਦੀ ਪੰਚਾਇਤ ਵੱਲੋਂ ਬੀਤੇ ਐਤਵਾਰ ਨੂੰ ਪਿੰਡ ਦਾ ਵੱਡਾ ਇਕੱਠ ਕਰ ਕੇ ਫਰਮਾਨ ਜਾਰੀ ਕੀਤਾ ਗਿਆ।
ਇਹ ਫਰਮਾਨ ਸੁਣਦੇ ਹੀ ਪਿੰਡ ਦੇ ਵਿੱਚ ਰਹਿ ਰਹੇ ਕਿਰਾਏ ਤੇ ਕਈ ਪ੍ਰਵਾਸੀ ਮਜ਼ਦੂਰ ਘਰ ਛੱਡ ਕੇ ਚਲੇ ਗਏ।
ਪਿੰਡ ਵਾਸੀ ਸੁਖਰਾਜ ਸਿੰਘ ਨੋਨੀ ਅਤੇ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਰਹਿੰਦੇ ਹਨ ਅਤੇ ਪਿੰਡ ਵਿੱਚ ਅਪਰਾਧ ਅਤੇ ਹੋਰ ਵਾਰਦਾਤਾਂ ਵੱਧ ਗਈਆਂ ਹਨ। ਜਿਸ ਕਰ ਕੇ ਇਹ ਫ਼ੈਸਲਾ ਲਿਆ ਗਿਆ ਹੈ। ਦੂਜੇ ਪਾਸੇ ਪੁਲਿਸ ਨੇ ਦੱਸਿਆ ਕਿ ਅਸੀਂ ਇਸ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ ਹੈ।
ਜਿਵੇਂ ਇਹ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਪਰਵਾਸੀ ਮਜ਼ਦੂਰ ਖੇਤੀ ਅਤੇ ਉਦਯੋਗ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਸੂਬੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਕਈ ਪਿੰਡਾਂ ਵਿੱਚ ਕੱਢਣ ਦੀ ਰਵਾਇਤ ਸ਼ੁਰੂ ਹੋ ਗਈ ਹੈ।
ਇਸ ਤੋਂ ਪਹਿਲਾਂ ਵੀ ਕਈ ਪਿੰਡਾਂ ਵਿਚ ਅਜਿਹੇ ਫਰਮਾਨ ਸੁਣਾਏ ਜਾ ਚੁੱਕੇ ਹਨ।
ਜਿਸ ਦੇ ਤਹਿਤ ਨਾਭਾ ਬਲਕ ਦੇ ਪਿੰਡ ਚੇਹਿਲ ਵਿਖੇ ਬੀਤੇ ਦਿਨੀਂ ਪਿੰਡ ਦੀ ਪੰਚਾਇਤ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਇਸ ਲਈ ਕੱਢਿਆ ਜਾ ਰਿਹਾ ਹੈ ਕਿਉਂਕਿ ਪਿੰਡ ਦੀ ਪੰਚਾਇਤ ਦਾ ਆਰੋਪ ਹੈ ਕੀ ਪਿੰਡ ਵਿੱਚ ਪਰਵਾਸੀ ਮਜ਼ਦੂਰ ਹੁਲੜਬਾਜੀ ਕਰਦੇ ਹਨ ਅਤੇ ਪਿੰਡ ਵਿੱਚ 4 ਤੋਂ ਲੈ ਕੇ 5 ਹਜ਼ਾਰ ਪ੍ਰਵਾਸੀ ਰਹਿ ਰਹੇ ਹਨ।
ਪੰਚਾਇਤ ਵੱਲੋਂ 1 ਅਪ੍ਰੈਲ ਤੱਕ ਪਿੰਡ ਵਿੱਚ ਮਜ਼ਦੂਰਾਂ ਨੂੰ ਜਾਣ ਦੇ ਹੁਕਮ ਦਿੱਤੇ ਸਨ ਅਤੇ ਕਈ ਪ੍ਰਵਾਸੀ ਪਹਿਲਾਂ ਹੀ ਪਿੰਡ ਛੱਡ ਕੇ ਚਲੇ ਗਏ। ਜਿਸ ਦੀ ਗਵਾਹੀ ਪਿੰਡ ਵਿੱਚ ਲੱਗੇ ਮਜ਼ਦੂਰਾਂ ਦੇ ਘਰਾ ਦੇ ਤਾਲੇ ਦਰਸਾ ਰਹੇ ਹਨ।
ਇਨ੍ਹਾਂ ਘਰਾਂ ਵਿਚ ਉਹ ਕਿਰਾਏ ’ਤੇ ਰਹਿ ਰਹੇ ਸਨ। ਇਸ ਮਾਮਲੇ ਸਬੰਧੀ ਪਿੰਡ ਦੇ ਸਰਪੰਚ ਅਤੇ ਪੰਚਾਇਤ ਨੇ ਇਸ ਮੁੱਦੇ ਸਬੰਧੀ ਕੈਮਰੇ ਅੱਗੇ ਆਉਣ ਤੋ ਸਾਫ਼ ਇਨਕਾਰ ਕਰ ਦਿੱਤਾ। ਪਰ ਪਿੰਡ ਦੇ ਦੋ ਵਿਅਕਤੀ ਹੀ ਅੱਗੇ ਆ ਕੇ ਕਹਿ ਰਹੇ ਹਨ ਕਿ ਅਸੀਂ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡ ਵਿੱਚ ਰਹਿਣ ਨਹੀਂ ਦੇਣਾ। ਭਾਵੇਂ ਕਿ ਪਿੰਡ ਦੀ ਪੰਚਾਇਤ ਵੱਲੋਂ ਇਹ ਫਰਮਾਨ ਜਾਰੀ ਕਰ ਦਿੱਤਾ ਗਿਆ ਹੈ ਪਰ ਕੁਝ ਲੋਕ ਇਸ ਦਾ ਵਿਰੋਧ ਵੀ ਕਰ ਰਹੇ ਹਨ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡ ਵਿੱਚੋਂ ਨਾ ਕੱਢਿਆ ਜਾਵੇ ਪਰ ਉਹ ਕੈਮਰੇ ਅੱਗੇ ਆਉਣ ਤੋਂ ਵੀ ਕਤਰਾ ਰਹੇ ਹਨ।
ਇਸ ਮੌਕੇ ਤੇ ਨਾਭਾ ਦੀ ਸਭ ਤਹਿਸੀਲ ਥਾਣਾ ਸਦਰ ਭਾਦਸੋਂ ਦੇ ਇੰਚਾਰਜ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਜੋ ਪ੍ਰਵਾਸੀ ਮਜ਼ਦੂਰ ਕਰਾਏ ਤੇ ਰਹਿ ਰਹੇ ਸੀ ਉਹਨਾਂ ਨੂੰ ਕੱਢਣ ਦੇ ਲਈ ਦਬਾਅ ਪਾਇਆ ਜਾ ਰਿਹਾ ਸੀ। ਸਾਡੇ ਕੋਲ ਲਿਖਤੀ ਰਿਪੋਰਟ ਪਿੰਡ ਵਾਸੀਆਂ ਵੱਲੋਂ ਕੀਤੀ ਗਈ ਸੀ। ਉਨ੍ਹਾਂ ਨੇ ਇਸ ਮਾਮਲੇ ਸਬੰਧੀ ਪਿੰਡ ਦੇ 5 ਵਿਅਕਤੀਆਂ ਦੇ ਉੱਪਰ ਆਰਜੀ ਤੌਰ ’ਤੇ 7/51 ਦਾ ਮਾਮਲਾ ਦਰਜ ਕੀਤਾ ਗਿਆ ਹੈ ਤਾਂ ਜੋ ਪਿੰਡ ਵਿੱਚ ਮਾਹੌਲ ਖ਼ਰਾਬ ਨਾ ਹੋਵੇ।