
Vicky Middukhera Murder Case: ਬਰੀ ਕੀਤੇ ਗਏ ਮੁਲਜ਼ਮਾਂ ਖ਼ਿਲਾਫ਼ ਦਾਇਰ ਕੀਤੀ ਪਟੀਸ਼ਨ
Vicky Middukhera murder case New update News in punjabi : ਵਿੱਕੀ ਮਿੱਡੂਖੇੜਾ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਵਿੱਕੀ ਮਿੱਡੂਖੇੜਾ ਦੇ ਪ੍ਰਵਾਰ ਵਲੋਂ ਹਾਈ ਕੋਰਟ ਦਾ ਰੁਖ਼ ਕੀਤਾ ਗਿਆ ਹੈ। ਉਨ੍ਹਾਂ ਦੇ ਪ੍ਰਵਾਰ ਵਲੋਂ ਬਰੀ ਕੀਤੇ ਗਏ ਮੁਲਜ਼ਮਾਂ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਕਤਲ ਕੇਸ ਵਿਚ ਸਬੂਤਾਂ ਦੀ ਘਾਟ ਕਾਰਨ ਅਦਾਲਤ ਨੇ ਗੈਂਗਸਟਰ ਭੁਪਿੰਦਰ ਸਿੰਘ ਉਰਫ ਭੂਪੀ ਰਾਣਾ, ਅਮਿਤ ਡਾਗਰ ਅਤੇ ਕੌਸ਼ਲ ਚੌਧਰੀ ਨੂੰ ਬਰੀ ਕਰ ਦਿੱਤਾ ਸੀ।
ਜਾਣਕਾਰੀ ਲਈ ਦੱਸ ਦਈਏ ਕਿ ਵਿੱਕੀ ਦਾ 4 ਸਾਲ ਪਹਿਲਾਂ 7 ਅਗਸਤ 2021 ਨੂੰ ਉਸ ਸਮੇਂ ਕਤਲ ਹੋ ਗਿਆ ਸੀ, ਜਦੋਂ ਉਹ ਸੈਕਟਰ-70 ਸਥਿਤ ਆਪਣੇ ਪ੍ਰਾਪਰਟੀ ਡੀਲਰ ਦੋਸਤ ਕੋਲ ਗਿਆ ਸੀ। ਜਿਵੇਂ ਹੀ ਉਹ ਦਫ਼ਤਰ ਤੋਂ ਬਾਹਰ ਆਇਆ ਤਾਂ ਉਥੇ ਪਹਿਲਾਂ ਤੋਂ ਮੌਜੂਦ ਦੋਸ਼ੀਆਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਵਿੱਕੀ ਨੇ ਭੱਜਣ ਦੀ ਪੂਰੀ ਕੋਸ਼ਿਸ਼ ਕੀਤੀ ਸੀ।
ਉਹ ਕਰੀਬ ਇੱਕ ਕਿਲੋਮੀਟਰ ਤੱਕ ਦੌੜਿਆ ਪਰ ਹਮਲਾਵਰ ਉਸ ਦਾ ਪਿੱਛਾ ਕਰਦੇ ਰਹੇ। ਉਨ੍ਹਾਂ ਨੇ ਕੁੱਲ 20 ਰਾਊਂਡ ਫ਼ਾਇਰ ਕੀਤੇ, ਜਿਨ੍ਹਾਂ ਵਿੱਚੋਂ 9 ਗੋਲੀਆਂ ਵਿੱਕੀ ਨੂੰ ਲੱਗੀਆਂ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬੰਬੀਹਾ ਗੈਂਗ ਨੇ ਕਤਲ ਤੋਂ ਅਗਲੇ ਦਿਨ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਸੀ। ਮੁੱਢਲੀ ਜਾਂਚ ਵਿੱਚ ਬੰਬੀਹਾ ਗਿਰੋਹ ਨੂੰ ਚਲਾਉਣ ਵਾਲੇ ਲੱਕੀ ਪਟਿਆਲ ਦਾ ਨਾਂ ਸਾਹਮਣੇ ਆਇਆ ਸੀ। ਦੋਵੇਂ ਗਿਰੋਹ ਇੱਕ ਦੂਜੇ ਦੇ ਖ਼ਿਲਾਫ਼ ਹਨ।