
ਪਿਛਲੇ ਦੋ ਵਿਸ਼ਵ ਯੁੱਧ ਨਿਕਲੇ ਤਾਂ ਲੋਕਾਂ ਨੂੰ ਲਗਿਆ ਕਿ ਹੁਣ ਦੁਨੀਆਂ ਨੂੰ ਅਕਲ ਆ ਜਾਵੇਗੀ ਕਿ ਬੰਬਾਂ ਤੇ ਹਥਿਆਰਾਂ ਨਾਲ...
ਮਾਨਸਾ, 2 ਮਈ : ਪਿਛਲੇ ਦੋ ਵਿਸ਼ਵ ਯੁੱਧ ਨਿਕਲੇ ਤਾਂ ਲੋਕਾਂ ਨੂੰ ਲਗਿਆ ਕਿ ਹੁਣ ਦੁਨੀਆਂ ਨੂੰ ਅਕਲ ਆ ਜਾਵੇਗੀ ਕਿ ਬੰਬਾਂ ਤੇ ਹਥਿਆਰਾਂ ਨਾਲ ਮਸਲੇ ਹੱਲ ਨਹੀਂ ਹੋਇਆ ਕਰਦੇ। ਹੌਲੀ ਹੌਲੀ ਮਹਾਂਸ਼ਕਤੀਆਂ ਨੇ ਇਸ ਗੱਲ 'ਤੇ ਮੋਹਰ ਲਾ ਦਿਤੀ ਕਿ ਪੀੜਤ ਧਿਰ ਨਾਲ ਖੜ੍ਹੇ ਹੋਵੋ ਤੇ ਤੰਗ ਕਰਨ ਵਾਲੇ ਦੇਸ਼ ਵਿਰੁਧ ਪਾਬੰਦੀਆਂ ਲਾ ਦੇਵੋ ਜਿਸ ਨਾਲ ਤੀਜਾ ਵਿਸ਼ਵ ਯੁੱਧ ਟਾਲਿਆ ਜਾ ਸਕਿਆ। ਅੱਜ ਦੁਨੀਆਂ 'ਤੇ ਇੰਜ ਲਗਦਾ ਹੈ ਕਿ ਸ਼ਾਇਦ ਕਿਸੇ ਚੀਜ਼ ਦੀ ਕਮੀ ਨਹੀਂ ਪਰ ਇਕ ਚੀਜ਼ ਜੋ ਮਨੁੱਖ ਲਈ ਸੱਭ ਤੋਂ ਜ਼ਰੂਰੀ ਹੈ ਉਹ ਦਿਨੋਂ ਦਿਨ ਘਟਦੀ ਜਾ ਰਹੀ ਹੈ ਤੇ ਕਈ ਇਲਾਕਿਆਂ 'ਚ ਤਾਂ ਇਸ ਦੀ ਇੰਨੀ ਕਮੀ ਹੋ ਗਈ ਹੈ ਕਿ ਲੋਕ ਮਰਨ ਮਾਰਨ 'ਤੇ ਉਤਾਰੂ ਹੋ ਜਾਂਦੇ ਹਨ। ਇਸ ਚੀਜ਼ ਤੋਂ ਮੁਰਾਦ ਹੈ ਪਾਣੀ।
water drop
ਪਾਣੀ ਉਹ ਮਨੁੱਖ ਲਈ ਕੁਦਰਤ ਦੀ ਉਹ ਅਨਮੋਲ ਦਾਤ ਹੈ ਜਿਸ ਦੇ ਬਿਨਾਂ ਧਰਤੀ 'ਤੇ ਜ਼ਿੰਦਗੀ ਸੰਭਵ ਨਹੀਂ ਹੈ। ਅੱਜ ਭਾਵੇਂ ਮਨੁੱਖ ਤੀਜਾ ਵਿਸ਼ਵ ਯੁੱਧ ਟਾਲ ਲਿਆ ਹੈ ਪਰ ਇਸ ਤਰ੍ਹਾਂ ਲਗਦਾ ਹੈ ਕਿ ਇਸ ਧਰਤੀ ਦੇ ਵਾਸੀ ਤੀਜਾ ਯੁੱਧ ਪਾਣੀ ਕਾਰਨ ਲੜਨਗੇ। ਪੰਜਾਬ ਬਾਰੇ ਲੰਮੇ ਸਮੇਂ ਤੋਂ ਕਿਹਾ ਜਾ ਰਿਹਾ ਹੈ ਕਿ ਇਥੋਂ ਦੀ ਧਰਤੀ ਮਾਰੂਥਲ ਬਣਦੀ ਜਾ ਰਹੀ ਹੈ, ਧਰਤੀ ਹੇਠਲਾ ਪਾਣੀ ਹੋਰ ਥੱਲੇ ਜਾ ਰਿਹਾ ਹੈ ਤੇ ਲੋਕਾਂ ਨੂੰ ਲੋੜ ਗੋਚਰਾ ਪਾਣੀ ਵੀ ਨਹੀਂ ਮਿਲ ਰਿਹਾ ਪਰ ਇਸ ਖ਼ਤਰੇ ਨਾਲ ਨਿਪਟਣ ਲਈ ਪੰਜਾਬ ਵਾਸੀਆਂ ਤੇ ਸਰਕਾਰਾਂ ਨੇ ਨਾਕਾਫ਼ੀ ਕਦਮ ਚੁੱਕੇ ਹਨ ਤੇ ਹੁਣ ਕਈ ਇਲਾਕਿਆਂ ਦੀ ਸਥਿਤੀ ਰਾਜਸਥਾਨ ਨਾਲੋਂ ਵੀ ਬਦਤਰ ਹੋਈ ਪਈ ਹੈ।
water drop
ਗਰਮੀ ਦੇ ਸ਼ੁਰੂ ਹੁੰਦਿਆਂ ਹੀ ਪੰਜਾਬ ਦੇ ਮਾਲਵੇ 'ਚ ਇਸ ਲਈ ਹਾਹਾਕਾਰ ਮੱਚੀ ਹੋਈ ਹੈ ਕਿਉਂਕਿ ਲੋਕਾਂ ਨੂੰ ਪੀਣ ਲਈ ਵੀ ਪਾਣੀ ਨਹੀਂ ਮਿਲ ਰਿਹਾ। ਬੱਚੇ ਉਠਣ ਸਾਰ ਕਿਸੇ 'ਚੀਜ਼ੀ' ਦੀ ਮੰਗ ਨਹੀਂ ਕਰਦੇ ਸਗੋਂ ਪਾਣੀ ਮੰਗਦੇ ਹਨ ਤੇ ਬੇਵੱਸ ਮਾਪਿਆਂ ਦੀਆਂ ਅੱਖਾਂ 'ਚ ਹੰਝੂ ਹੁੰਦੇ ਹਨ ਜੋ ਬੱਚੇ ਨੂੰ ਪਿਲਾਏ ਨਹੀਂ ਜਾ ਸਕਦੇ। ਮਾਨਸਾ ਜ਼ਿਲ੍ਹੇ ਦੇ ਹਰਿਆਣਾ ਨਾਲ ਲਗਦੇ ਜ਼ਿਆਦਾਤਰ ਇਲਾਕੇ ਇਸ ਤ੍ਰਾਸਦੀ 'ਚੋਂ ਗੁਜ਼ਰ ਰਹੇ ਹਨ। ਭਾਖੜਾ ਨਹਿਰ ਨਾਲ ਲਗਦੇ ਇਲਾਕਿਆਂ ਵਿਚ ਪਾਣੀ ਦੀ ਜ਼ਬਰਦਸਤ ਕਮੀ ਦੇਖੀ ਜਾ ਰਹੀ ਹੈ। ਲੋਕਾਂ ਨੂੰ ਪੀਣ ਵਾਲਾ ਪਾਣੀ ਲੈਣ ਲਈ ਵੀ ਕਈ ਕਈ ਕਿਲੋਮੀਟਰ ਦਾ ਫ਼ਾਸਲਾ ਤੈਅ ਕਰਨਾ ਪੈਂਦਾ ਹੈ। ਉਹ ਵੀ ਪਾਣੀ ਮਿਲ ਗਿਆ ਤਾਂ ਠੀਕ ਹੈ ਨਹੀਂ ਤਾਂ ਰਾਮ ਭਰੋਸੇ।
water drop
ਇਸ ਇਕ ਕਾਰਨ ਇਹ ਦਸਿਆ ਜਾ ਰਿਹਾ ਹੈ ਕਿ ਭਾਖੜਾ ਨਹਿਰ 'ਚ ਬੰਦੀ ਆਈ ਹੋਈ ਹੈ ਤੇ ਜਿਹੜੇ ਪਿੰਡ ਇਸ ਨਹਿਰ 'ਤੇ ਨਿਰਭਰ ਹਨ ਉਹ ਸਰਕਾਰ ਦੇ ਮੂੰਹ ਵਲ ਦੇਖ ਰਹੇ ਹਨ ਕਿ ਕਦੋਂ ਸਰਕਾਰ ਬੰਦੀ ਖੋਲ੍ਹੇਗੀ ਤੇ ਕਦੋਂ ਉਨ੍ਹਾਂ ਦੇ ਮੂੰਹ 'ਚ ਪਾਣੀ ਪਵੇਗਾ। ਪਿੰਡ ਮਾਨਖੇੜੇ ਦੇ ਲੋਕਾਂ ਨੇ ਇਸ ਅਖ਼ਬਾਰ ਦੇ ਇਕ ਪ੍ਰਤੀਨਿਧ ਨੂੰ ਦਸਿਆ ਕਿ ਪਾਣੀ ਬਿਨਾਂ ਜਿਥੇ ਉਹ ਸਾਉਣੀ ਦੀਆਂ ਫ਼ਸਲਾਂ ਦੀ ਬੀਜਾਈ ਨਹੀਂ ਕਰ ਪਾ ਰਹੇ ਉਥੇ ਹੀ ਉਨ੍ਹਾਂ ਦੇ ਡੰਗਰ ਪਾਣੀ ਖੁਣੋਂ ਮਰ ਰਹੇ ਹਨ। ਧਰਤੀ ਹੇਠਲੇ ਪਾਣੀ ਦੀ ਸਥਿਤੀ ਅਜਿਹੀ ਹੈ ਕਿ ਇਸ ਨਾਲ ਪਸ਼ੂਆਂ ਨੂੰ ਵੀ ਨਹਾਇਆ ਨਹੀਂ ਜਾ ਸਕਦਾ ਤੇ ਮਨੁੱਖ ਦੇ ਪਿੰਡੇ 'ਤੇ ਤਾਂ ਇਸ ਤਰ੍ਹਾਂ ਜੰਮ ਜਾਂਦਾ ਹੈ ਜਿਵੇਂ ਚੀਕਣੀ ਮਿੱਟੀ।
water drop
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੁਦਰਤ ਨੇ ਇਸ ਹਲਕੇ ਨਾਲ ਜੋ ਕੀਤਾ ਸੋ ਕੀਤਾ ਪਰ ਸਰਕਾਰਾਂ ਇਨ੍ਹਾਂ ਲੋਕਾਂ ਦੇ ਦੁੱਖ-ਦਰਦ 'ਚ ਸ਼ਾਮਲ ਕਿਉਂ ਨਹੀਂ ਹੋ ਰਹੀਆਂ? ਅੱਤ ਦੀ ਗਰਮੀ 'ਚ ਇਨ੍ਹਾਂ ਲੋਕਾਂ ਦਾ ਇਕੋ ਇਕ ਸਹਾਰਾ ਭਾਖੜਾ ਨਹਿਰ ਦਾ ਪਾਣੀ ਬੰਦ ਕਰਨ ਦੀ ਕੀ ਤੁੱਕ ਸੀ। ਹੁਣ ਦੇਖਣਾ ਹੋਵੇਗਾ ਕਿ ਇਸ ਮਾਰੂਥਲ ਬਣ ਰਹੇ ਇਲਾਕੇ 'ਚ ਬਹਾਰ ਕਦੋਂ ਆਉਂਦੀ ਹੈ।