
ਕੈਪਟਨ ਨੇ ਪਾਸਵਾਨ ਨੂੰ ਲਿਖਿਆ ਪੱਤਰ
ਚੰਡੀਗੜ੍ਹ, 1 ਮਈ (ਸਪੋਕਸਮੈਨ ਸਮਾਚਾਰ ਸੇਵਾ) : ਪ੍ਰਧਾਨ ਮੰਤਰੀ ਨੂੰ ਪਹਿਲਾਂ ਕੀਤੀ ਅਪਣੀ ਬੇਨਤੀ ਦੀ ਪੈਰਵੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕੇਂਦਰੀ ਖਪਤਕਾਰ ਮਾਮਲਿਆਂ, ਜਨਤਕ ਵੰਡ ਬਾਰੇ ਮੰਤਰੀ ਰਾਮ ਵਿਲਾਸ ਪਾਸਵਾਨ ਨੂੰ ਪੱਤਰ ਲਿਖਿਆ, ਜਿਸ ਵਿਚ ਕਣਕ ਦੇ ਸੁੰਗੜੇ ਤੇ ਚਮਕ ਗੁਆ ਚੁੱਕੇ ਦਾਣਿਆਂ ਕਾਰਨ ਨਿਯਮਾਂ ਵਿਚ ਢਿੱਲ ਦੇ ਬਦਲੇ ਕਿਸਾਨਾਂ ਉੱਤੇ ਲਗਾਈ “ਗ਼ੈਰ ਵਾਜਬ” ਕੀਮਤ ਕਟੌਤੀ ਨੂੰ ਤੁਰਤ ਵਾਪਸ ਲੈਣ ਦੀ ਮੰਗ ਕੀਤੀ ਗਈ।
File photo
ਕਾਬਲੇਗੌਰ ਹੈ ਕਿ ਮੁੱਖ ਮੰਤਰੀ ਨੇ 28 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਇਸ ਮੁਸ਼ਕਲ ਸਮੇਂ ਵਿਚ ਸੂਬੇ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਇਸ ਫ਼ੈਸਲੇ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਸੀ। ਕਿਸਾਨਾਂ ਦੀ ਕਮਾਈ ਦੇ ਹਿਤਾਂ ਦੀ ਰੱਖਿਆ ਲਈ ਇਸ ਕੀਮਤ ਕਟੌਤੀ ਦੇ ਮੁੱਦੇ ’ਤੇ ਮੁੜ ਵਿਚਾਰ ਕਰਨ ਲਈ ਸ੍ਰੀ ਪਾਸਵਾਨ ਦੇ ਤਤਕਾਲ ਦਖ਼ਲ ਦੀ ਮੰਗ ਕਰਦਿਆਂ ਮੁੱਖ ਮੰਤਰੀ ਨੇ ਇਸ ਨੂੰ ਕਿਸਾਨਾਂ ਦੇ ਨਿਯੰਤਰਣ ਤੋਂ ਬਾਹਰ ਕਾਰਨਾਂ ਕਰ ਕੇ ਕਿਸਾਨਾਂ ਦੀ ਕਮਾਈ ’ਤੇ ਕਟੌਤੀ ਲਗਾਉਣ ਨੂੰ ਨਾਜਾਇਜ਼ ਕਰਾਰ ਦਿਤਾ।
ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਨੂੰ ਉਨ੍ਹਾਂ ਨਾਲ ਵਿਚਾਰ ਵਟਾਂਦਰੇ ਦੌਰਾਨ ਸੂਬਾ ਸਰਕਾਰ ਦੁਆਰਾ ਉਠਾਏ ਗਏ ਦੋ ਮਹੱਤਵਪੂਰਨ ਮੁੱਦਿਆਂ ਬਾਰੇ ਜਾਣੂ ਕਰਵਾਇਆ। ਪਹਿਲਾ ਤਾਂ ਸੁੰਗੜੇ ਅਤੇ ਚਮਕ ਗੁਆ ਚੁੱਕੇ ਕਣਕ ਦੇ ਦਾਣਿਆਂ ਲਈ ਨਿਰਧਾਰਤ ਸ਼ਰਤਾਂ ’ਚ ਢਿੱਲ ਅਤੇ ਦੂਸਰਾ ਪ੍ਰਸ਼ਾਸਕੀ ਅਤੇ ਆੜ੍ਹਤੀਆਂ ਨੂੰ ਛੋਟ ਦੇਣਾ ਜਿਸ ਸਬੰਧੀ ਕੇਂਦਰੀ ਮੰਤਰਾਲੇ ਨੇ ਮੰਨ ਲਿਆ।
ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਦਸਿਆ ਕਿ ਵਿਚਾਰ ਵਟਾਂਦਰੇ ਤੋਂ ਬਾਅਦ ਉਨ੍ਹਾਂ ਨੇ ਸੂਬੇ ਦੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਬਾਰੇ ਮੰਤਰਾਲੇ ਦੇ ਨਿਯਮਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿਤੇ। ਪਾਸਵਾਨ ਦਾ ਉਨ੍ਹਾਂ ਦੇ ਮੰਤਰਾਲੇ ਵਲੋਂ ਪ੍ਰਸ਼ਾਸਨਿਕ ਤੇ ਆੜ੍ਹਤੀਆਂ ਦੇ ਰੋਕੇ ਗਏ ਖਰਚਿਆਂ ਵਿਚੋਂ 90 ਫ਼ੀਸਦੀ ਦੀ ਮਨਜ਼ੂਰੀ ਦੇਣ ਦਾ ਧਨਵਾਦ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਚਿੰਤਾ ਹੈ ਕਿ ਕਣਕ ਦੇ ਮੁੱਲ ਵਿਚ ਕਟੌਤੀ ਦੇ ਨਿਯਮਾਂ ਵਿਚ ਢਿੱਲ ਦੇਣ ਦੇ ਮੁੱਦੇ ਦਾ ਹਾਲੇ ਤਕ ਹੱਲ ਨਹੀਂ ਕੀਤਾ ਗਿਆ।
File photo
ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ 28 ਅਪਰੈਲ ਨੂੰ ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਤੋਂ ਇਕ ਸੰਦੇਸ਼ ਮਿਲਿਆ ਸੀ ਜਿਸ ਵਿਚ ਮੰਤਰਾਲੇ ਨੇ ਸੁੰਗੜੇ ਅਤੇ ਚਮਕ ਗੁਆ ਚੁੱਕੇ ਕਣਕ ਦੇ ਮੁੱਲ ’ਤੇ ਭਾਰੀ ਕਟੌਤੀ ਲਗਾ ਦਿਤੀ ਸੀ। “ਇਹ ਕਟੌਤੀ ਪੂਰੀ ਤਰ੍ਹਾਂ ਵਾਜਬ ਨਹੀਂ ਹੈ ਕਿਉਂਕਿ ਮਾਰਚ ਦੌਰਾਨ ਸੂਬੇ ਵਿੱਚ ਬੇਮੌਸਮੀ ਬਾਰਸ਼ਾਂ ਹੋਈਆਂ ਅਤੇ ਦੇਸ਼ ਭਰ ਵਿੱਚ ਲੌਕਡਾਊਨ ਦੇ ਨਤੀਜੇ ਵਜੋਂ ਕਿਸਾਨ ਕਣਕ ਦੀ ਫ਼ਸਲ ਨੂੰ ਬਚਾਉਣ ਲਈ ਰੋਕਥਾਮ ਉਪਾਅ ਨਹੀਂ ਕਰ ਸਕੇ।”