
ਕੈਪਟਨ ਅਮਰਿੰਦਰ ਸਿੰਘ, ਜਾਖੜ ਤੇ ਮੰਤਰੀਆਂ ਨੇ ਵੀ ਲਹਿਰਾਏ ਤਿਰੰਗੇ, 25 ਹਜ਼ਾਰ ਕਰੋੜ ਦੇ ਵਿੱਤੀ ਪੈਕੇਜ ਦੀ ਮੰਗ
ਚੰਡੀਗੜ੍ਹ, 1 ਮਈ (ਗੁਰਉਪਦੇਸ਼ ਭੁੱਲਰ) : ਕੋਰੋਨਾ ਸੰਕਟ ਦੇ ਚਲਦੇ ਪੰਜਾਬ 'ਚ ਜਿਉਂ ਹੀ ਪਾਜ਼ੇਟਿਵ ਕੇਸਾਂ ਦੀ ਗਿਣਤੀ ਵੱਧ ਰਹੀ ਹੈ, ਉਥੇ ਹੁਣ ਇਕ ਜੁੱਟਤਾ ਦੀ ਥਾ ਸੱਤਾਧਿਰ ਤੇ ਵਿਰੋਧੀਅ ਪਾਰਟੀਆਂ ਦੀਆਂ ਵੱਖ ਵੱਖ ਸੁਰਾਂ ਸੁਣਾਈ ਦੇਣ ਲੱਗੀਆਂ ਹਨ। ਅੱਜ ਜਿਥੇ ਕੇਂਦਰ ਸਰਕਾਰ ਵਿਰੁਧ ਅਪਣੀ ਆਵਾਜ਼ ਬੁਲੰਦ ਕਰਨ ਲਈ ਮਹੀ ਦਿਵਸ ਮੌਕੇ ਵਿੱਤੀ ਮਦਦ 'ਚ ਵਿਤਕਰੇ ਦਾ ਦੋਸ਼ ਲਾਉਂਦਿਆਂ ਪੰਜਾਬ ਭਰ 'ਚ ਘਰਾਂ 'ਚ ਸਾਵਧਾਨੀਆਂ ਰੱਖ ਕੇ ਤਿਰੰਗੇ ਝੰਡੇ ਲਹਿਰਾਏ ਗਏ, ਉਥੇ ਭਾਜਪਾ ਤੇ ਆਪ ਨੇ ਅਪਣੇ ਐਕਸ਼ਨ ਵੱਖਰੇ ਤੌਰ 'ਤੇ ਕੀਤੇ।
ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੱਦੇ ਉੱਤੇ ਪੰਜਾਬ ਭਰ 'ਚ ਹੋਏ ਪ੍ਰੋਗਰਾਮਾਂ 'ਚ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਸਾਰੇ ਮੰਤਰੀ, ਵਿਧਾਇਕ ਆਦਿ ਸ਼ਾਮਲ ਹੋਏ ਤੇ ਤਿਰੰਗੇ ਲਹਿਰਾਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਪਣੀ ਰਿਹਾਇਸ਼ 'ਤੇ ਤਿਰੰਗਾ ਲਹਿਰਾਇਆ। ਪੰਜਾਬ ਕਾਂਗਰਸ ਦੀ ਮੰਗ ਹੈ ਕਿ ਸੂਬੇ ਦੇ ਰੋਲ ਨੂੰ ਦੇਖਦੀਆਂ ਘੱਟੋ ਘੱਟ 25000 ਕਰੋੜ ਰੁਪਏ ਦਾ ਵਿੱਤੀ ਪੈਕੇਜ ਮਿਲੇ। ਹੋਰ ਪਾਰਟੀਆਂ ਨੂੰ ਵੀ ਸੂਬੇ ਦੇ ਹਿੱਤ 'ਚ ਸਹਿਯੋਗ ਦੀ ਅਪੀਲ ਕੀਤੀ ਗਈ ਹੈ।
ਇਸ ਦੋਰਾਨ ਪ੍ਰਦੇਸ਼ ਭਾਜਪਾ ਦੇ ਮੌਕੇ 'ਤੇ ਸੂਬੇ 'ਚ ਪਾਰਟੀ ਆਗੁਆਂ ਤੇ ਵਰਕਰਾਂ ਨੇ ਥਾਂ ਥਾਂ ਪੂਰਾ ਦਿਨ ਵਰਤ ਰੱਖੇ। ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਪਠਾਨਕੋਟ 'ਚ ਵਰਤ 'ਤੇ ਬੈਠੇ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਵਲੋਂ ਆਏ ਰਾਸ਼ਨ ਦੀ ਸਹੀ ਵੰਡ ਨਹੀਂ ਹੋ ਰਹੀ।
ਆਪ ਵਲੋਂ ਭਗਵੰਤ ਮਾਨ ਤੇ ਹਰਪਾਲ ਚੀਮਾ ਦੀ ਅਗਵਾਹੀ 'ਚ ਹਜ਼ੂਰ ਸਾਹਿਬ ਸ਼ਰਧਾਲੂਆਂ ਨੂੰ ਲੈਣ ਜਾਣ ਸਮੇਂ ਰਸਤੇ 'ਚ ਮੌਤ ਕਾਰਨ ਡਰਾਇਵਰ ਮਨਜਤੀ ਸਿੰਘ ਦਾ 50 ਲੱਖ ਦਾ ਬੀਮਾ ਕਰਵਾਉਣ ਤੇ ਇਕ ਪ੍ਰਵਾਰਕ ਮੈਂਬਰ ਨੂੰ ਨੌਕਰੀ ਦੀ ਮੰਗ ਕੀਤੀ ਗਈ। ਅੱਜ ਆਪ ਆਗੂਆ ਨੇ ''ਮੈਂ ਮਨਜੀਤ ਹਾਂ'' ਮੁਹਿੰਮ ਚਲਾਈ। ਐਮਰਜੈਂਸੀ ਡਿਊਟੀ ਸਾਰੇ ਮੁਲਾਜ਼ਮਾਂ ਲਈ 50 ਲੱਖ ਬੀਮੇ ਦੀ ਮੰਗ ਵੀ ਕੀਤੀ ਗਈ ਹੈ।