
ਟਰੈਕਟਰ ਟਰਾਲੀ ਨਾਲ ਹੋਈ ਟੱਕਰ ’ਚ ਗੱਡੀ ਚਾਲਕ ਦੀ ਮੌਤ
ਸ਼ਾਹਕੋਟ/ਮਲਸੀਆਂ, 1 ਮਈ (ਕੁਲਜੀਤ ਸਿੰਘ ਖਿੰਡਾ): ਸਨਿਚਰਵਾਰ ਨੂੰ ਲੋਹੀਆਂ ਰੋਡ ਮਲਸੀਆਂ ਵਿਖੇ ਟਰੈਕਟਰ-ਟਰਾਲੀ ਅਤੇ ਬਲੈਰੋ ਗੱਡੀ ਦੀ ਹੋਈ ਟੱਕਰ ’ਚ ਗੱਡੀ ਚਾਲਕ ਦੀ ਮੌਤ ਹੋ ਗਈ ਅਤੇ ਨਾਲ ਬੈਠੇ ਉਸ ਦੇ ਪੋਤੇ ਵਾਲ-ਵਾਲ ਬੱਚ ਗਏ। ਜਾਣਕਾਰੀ ਅਨੁਸਾਰ ਹਿੰਮਤ ਸਿੰਘ ਵਾਸੀ ਮਲਸੀਆਂ ਅਪਣੀ ਗੱਡੀ ਬਲੈਰੋ ਕੈਂਪਰ ਵਿਚ ਲੋਹੀਆਂ ਵਲੋਂ ਆ ਰਹੇ ਸਨ ਕਿ ਮਲਸੀਆਂ ਵਿਖੇ ਵੇਈਂ ਦੇ ਪੁੱਲ ਦੇ ਨਜ਼ਦੀਕ ਉਨ੍ਹਾਂ ਦੀ ਗੱਡੀ ਦੀ ਦੂਜੇ ਪਾਸੇ ਤੋਂ ਆ ਰਹੇ ਇੱਟਾਂ ਵਾਲੇ ਟਰੈਕਟਰ ਟਰਾਲੀ ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ ਜਿਸ ਦੌਰਾਨ ਹਿੰਮਤ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਉਨ੍ਹਾਂ ਦੇ ਨਾਲ ਬੈਠੇ ਉਨ੍ਹਾਂ ਦੇ ਦੋਵੇਂ ਪੋਤੇ ਵਾਲ ਵਾਲ ਬੱਚ ਗਏ। ਇਕ ਪੋਤੇ ਦੇ ਕੁਝ ਮਾਮੂਲੀ ਸੱਟਾਂ ਲੱਗੀਆਂ ਹਨ। ਹਿੰਮਤ ਸਿੰਘ ਨੂੰ ਨਕੋਦਰ ਦੇ ਇਕ ਨਿਜੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਰਤਕ ਐਲਾਨ ਦਿਤਾ। ਜ਼ਿਕਰਯੋਗ ਹੈ ਕਿ ਹਿੰਮਤ ਸਿੰਘ ਇਲਾਕੇ ਦੇ ਪ੍ਰਮੁੱਖ ਸਮਾਜ ਸੇਵਕਾਂ ਵਿਚ ਗਿਣੇ ਜਾਂਦੇ ਸਨ।
ਉਨ੍ਹਾਂ ਦੀ ਸੜਕ ਹਾਦਸੇ ਵਿਚ ਹੋਈ ਅਚਾਨਕ ਮੌਤ ਨਾਲ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ ਹੈ। ਪੁਲਿਸ ਚੌਕੀ ਮਲਸੀਆਂ ਦੇ ਇੰਚਾਰਜ ਐਸ.ਆਈ. ਸੰਜੀਵਨ ਸਿੰਘ ਨੇ ਦਸਿਆ ਕਿ ਪੁਲਿਸ ਵਲੋਂ ਮਿ੍ਰਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਵਿਖੇ ਭੇਜ ਦਿਤਾ ਗਿਆ। ਪੁਲਿਸ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਇਟਾਂ ਵਾਲੀ ਟਰਾਲੀ ਜਲਾਲਾਬਾਦ (ਮੋਗਾ) ਤੋਂ ਇਟਾਂ ਲੈ ਕੇ ਤਾਸ਼ਪੁਰ ਜਾ ਰਹੀ ਸੀ ਜਿਸ ਨੂੰ ਕਾਲਾ ਵਾਸੀ ਜਲਾਲਾਬਾਦ ਚਲਾ ਰਿਹਾ ਸੀ।
ਕੈਪਸ਼ਨ - ਸੜਕ ਹਾਦਸੇ ਦੌਰਾਨ ਨੁਕਸਾਨੇ ਗਏ ਵਾਹਨ।