
ਪਛਮੀ ਬੰਗਾਲ, ਕੇਰਲ, ਅਸਾਮ ’ਚ ਸਾਰੀਆਂ ਸੱਤਾਧਾਰੀ ਪਾਰਟੀਆਂ ਜਿੱਤ ਗਈਆਂ
ਨਵੀਂ ਦਿੱਲੀ, 2 ਮਈ (ਪ੍ਰਮੋਦ ਕੌਸ਼ਲ): ਚਾਰ ਰਾਜਾਂ ਅਤੇ ਕੇਂਦਰ ਸ਼ਾਸਤ ਪੁਡੂਚੇਰੀ ’ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਐਤਵਾਰ ਨੂੰ ਜਾਰੀ ਗਿਣਤੀ ਮੁਤਾਬਕ ਹੁਣ ਤਕ ਆਏ ਰੁਝਾਨਾਂ ਨਾਲ ਲਗਭਗ ਸਾਫ਼ ਹੋ ਗਿਆ ਹੈ ਕਿ ਪਛਮੀ ਬੰਗਾਲ, ਅਸਾਮ ਅਤੇ ਕੇਰਲ ’ਚ ਸੱਤਾਧਾਰੀ ਪਾਰਟੀ ਫਿਰ ਤੋਂ ਸਰਕਾਰ ਬਣਾਉਣ ਵਿਚ ਸਫ਼ਲ ਰਹੀ ਹੈ ਜਦਕਿ ਤਾਮਿਲਨਾਡੂ ਅਤੇ ਪੁਡੂਚੇਰੀ ’ਚ ਵਿਰੋਧੀ ਪਾਰਟੀਆਂ ਦੇ ਗਠਜੋੜ ਦੇ ਸੱਤਾ ਵਿਚ ਆਉਣ ਦੀ ਸੰਭਾਵਨਾ ਹੈ। ਇਨ੍ਹਾਂ ਸੂਬਿਆਂ ’ਚ ਸਾਰਿਆਂ ਦੀਆਂ ਨਜ਼ਰਾਂ ਬੰਗਾਲ ’ਤੇ ਟਿਕੀਆਂ ਹੋਈਆਂ ਸਨ ਅਤੇ ਉਥੇ ਮਮਤਾ ਬੈਨਰਜੀ ਦੀ ਅਗਵਾਈ ’ਚ ਟੀ.ਐਮ.ਸੀ. ਸੱਤਾ ਦੀ ਹੈਟ੍ਰਿਕ ਲਗਾਉਣ (ਤੀਹਰੀ ਜਿੱਤ ਪ੍ਰਾਪਤ ਕਰਨ ਵਿਚ) ਸਫ਼ਲ ਰਹੀ ਹੈ, ਹਾਲਾਂਕਿ ਉਥੇ ਮੁੱਖ ਮੰਤਰੀ ਨੂੰ ਸਖ਼ਤ ਮੁਕਾਬਲੇ ’ਚ ਨੰਦੀਗ੍ਰਾਮ ਸੀਟ ’ਤੇ ਅਪਣੇ ਸਾਬਕਾ ਸਾਥੀ ਸ਼ੁਭੇਂਦੂ ਅਧਿਕਾਰੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਚੋਣ ਕਮਿਸ਼ਨ ਦੇ ਅੰਕੜਿਆਂ ਤੋਂ ਇਹ ਸੰਕੇਤ ਮਿਲ ਰਿਹਾ ਹੈ ਕਿ ਅਸਾਮ ’ਚ ਭਾਜਪਾ ਦੀ ਅਤੇ ਕੇਰਲ ’ਚ ਮਾਕਪਾ ਦੀ ਅਗਵਾਈ ਵਾਲੀ ਐਲ.ਡੀ.ਐਫ਼ ਦੀ ਸੱਤਾ ਵਿਚ ਵਾਪਸੀ ਹੋ ਗਈ ਹੈ। ਤਾਮਿਲਨਾਡੂ ’ਚ ਵਿਰੋਧੀ ਡੀ.ਐਮ.ਕੇ ਦੀ ਅਗਵਾਈ ਵਾਲਾ ਗਠਜੋੜ
ਏ.ਆਈ.ਡੀ.ਐਮ.ਕੇ ਨੂੰ ਸੱਤਾ ਤੋਂ ਬੇਦਖ਼ਲ ਕਰਦਾ ਦਿਖਾਈ ਦੇ ਰਿਹਾ ਹੈ। ਕੇਂਦਰ ਸ਼ਾਸ਼ਤ ਪ੍ਰਦੇਸ਼ ਪੁਡੂਚੇਰੀ ’ਚ ਏਆਈਐਨਆਰਸੀ ਦੀ ਅਗਵਾਈ ਵਾਲੀ ਐਨਡੀਏ ਜਿੱਤ ਵਲ ਵੱਧ ਰਹੀ ਹੈ।
ਪਛਮੀ ਬੰਗਾਲ : ਪਛਮੀ ਬੰਗਾਲ ਵਿਧਾਨ ਸਭਾ ਦੀ 292 ਸੀਟਾਂ ਵਿਚੋਂ 202 ਸੀਟਾਂ ’ਤੇ ਅੱਗੇ ਚੱਲ ਰਹੀ ਟੀ.ਐਮ.ਸੀ ਫਿਰ ਤੋਂ ਸਰਕਾਰ ਬਣਾਉਣ ਦੀ ਤਿਆਰੀ ਵਿਚ ਹੈ, ਜਦਕਿ ਭਾਜਪਾ 81 ਸੀਟਾਂ ’ਤੇ ਅੱਗੇ ਹੈ।
ਅਸਾਮ : ਅਸਾਮ ’ਚ ਕੁਲ 126 ਸੀਟਾਂ ਹਨ ਤੇ ਇੱਥੇ ਬਹੁਮਤ ਦਾ ਅੰਕੜਾ 64 ਹੈ। ਹੁਣ ਤਕ ਦੇ ਰੁਝਾਨਾਂ ’ਚ ਭਾਜਪਾ 77 ਤੇ ਕਾਂਗਰਸ 41 ਸੀਟਾਂ ’ਤੇ ਅੱਗੇ ਚੱਲ ਰਹੀਆਂ ਹਨ। 2 ਸੀਟਾਂ ’ਤੇ ਹੋਰ ਪਾਰਟੀਆਂ ਨੂੰ ਬੜ੍ਹਤ ਹੈ। ਸ਼ੁਰੂਆਤੀ ਰੁਝਾਨਾਂ ਮੁਤਾਬਕ ਸੀਐਮ ਸਰਬਾਨੰਦ ਸੋਨੋਵਾਲ, ਸਿਹਤ ਮੰਤਰੀ ਹਿੰਮਤ ਬਿਸਬਾ ਸਰਮਾ, ਏਜੀਪੀ ਚੀਫ਼ ਅਤੁਲ ਲੜੀਵਾਰ ਬੋਰਾ, ਮਾਜੁਲੀ, ਜਲੁਕਬਾੜੀ ਤੇ ਬੋਕਾਖਾਟ ਤੋਂ ਅੱਗੇ ਚੱਲ ਰਹੇ ਹਨ।
ਕੇਰਲ : ਕੁਲ 140 ਸੀਟਾਂ ਹਨ ਤੇ ਬਹੁਮਤ ਦਾ ਅੰਕੜਾ 71 ਹੈ। ਤਾਜ਼ਾ ਸਥਿਤੀ ਮੁਤਾਬਕ ਲੈਫਟ 90, ਕਾਂਗਰਸ ਗਠਜੋੜ 48, ਭਾਜਪਾ ਗਠਜੋੜ 2 ’ਤੇ ਅੱਗੇ ਹਨ। ਯਾਨੀ ਲੈਫਟ ਇਕ ਵਾਰ ਫਿਰ ਸਰਕਾਰ ਬਣਾਉਣ ਜਾ ਰਹੀ ਹੈ। ਭਾਜਪਾ ਨੇ ਇੱਥੇ ਮੈਟਰੋ ਮੈਨ ਈ.ਸ਼੍ਰੀਧਰਨ ਨੂੰ ਉਤਾਰਿਆ ਸੀ, ਪਰ ਖ਼ਾਸ ਫਾਇਦਾ ਨਹੀਂ ਮਿਲਿਆ।
ਤਾਮਿਲਨਾਡੂ : ਪਹਿਲੀ ਵਾਰ ਤਾਮਿਲਲਾਡੁ ਦੇ ਮੁੱਖ ਮੰਤਰੀ ਬਨਣ ਜਾ ਰਹੇ ਡੀਐਮਕੇ ਦੇ ਪ੍ਰਧਾਨ ਐਮ.ਕੇ. ਸਟਾਲਿਨ ਨੇ ਐਤਵਾਰ ਨੂੰ ਡੀਐਮਕੇ ਨੂੰ ਸੱਤਾ ਵਿਚ ਪਹੁੰਚਾਉਣ ਲਈ ਤਾਮਿਲਨਾਡੁ ਦੀ ਜਨਤਾ ਦਾ ਧਨਵਾਦ ਕੀਤਾ। ਤਾਮਿਲਨਾਡੁ ’ਚ ਕੁਲ 234 ਸੀਟਾਂ ਹਨ ਤੇ ਬਹੁਮਤ ਦਾ ਅੰਕੜਾ 118 ਹੈ। ਹੁਣ ਤਕ ਦੇ ਰੁਝਾਨਾਂ ’ਚ ਭਾਜਪਾ ਗਠਜੋੜ ਏਆਈਡੀਐਕੇ 103 ਤੇ ਕਾਂਗਰਸ ਗਠਜੋੜ ਡੀਐਮਕੇ 130 ਸੀਟਾਂ ’ਤੇ ਅੱਗੇ ਚੱਲ ਰਹੀ ਹੈ। ਇੱਥੇ ਭਾਜਪਾ ਨੇ ਏਆਈਡੀਐਮਕੇ ਨਾਲ ਚੋਣ ਲੜੀ ਹੈ ਤੇ ਕਾਂਗਰਸ ਨੇ ਡੀਐਮਕੇ ਦਾ ਸਾਥ ਦਿਤਾ ਹੈ।
ਪੁੱਡੂਚੇਰੀ : ਇੱਥੇ ਕੁਲ 30 ਸੀਟਾਂ ਹਨ ਤੇ 3 ਨਾਮਜਦ ਮੈਂਬਰ ਹਨ। ਬਹੁਮਤ ਦਾ ਅੰਕੜਾ 17 ਹੈ। 30 ਸੀਟਾਂ ਵਿਚੋਂ 14 ਸੀਟਾਂ ਦੇ ਨਤੀਜੇ ਆ ਗਏ ਹਨ ਅਤੇ ਏਆਈਐਨਆਰਸੀ ਨੇ ਅੱਠ, ਭਾਜਪਾ ਨੇ ਤਿੰਨ, ਡੀਐਮਕੇ ਨੇ ਇਕ ਅਤੇ ਕਾਂਗਰਸ ਨੇ 2 ਸੀਟਾਂ ਜਿੱਤਿਆਂ ਹਨ। (ਏਜੰਸੀ)