
ਸਿੱਖ ਨੌਜਵਾਨ ਦੀ ਪਤਨੀ ਤੇ ਬੱਚੇ ਨੂੰ ਪੁਲਿਸ ਚੌਕੀ 'ਚ ਲਿਜਾਣ ਤੋਂ ਭੜਕੇ ਬਹਿਬਲ ਮੋਰਚੇ ਦੇ ਆਗੂ
ਸਿੱਖਾਂ ਦੇ ਪ੍ਰਵਾਰਾਂ ਨੂੰ ਤੰਗ ਕਰਨ ਦੀ ਸੂਰਤ 'ਚ ਰਾਸ਼ਟਰੀ ਰਾਜ ਮਾਰਗ ਦੀ ਆਵਾਜਾਈ ਠੱਪ ਕਰਨ ਦੀ ਚਿਤਾਵਨੀ
ਕੋਟਕਪੂਰਾ, 1 ਮਈ (ਗੁਰਿੰਦਰ ਸਿੰਘ) : ਪਟਿਆਲੇ ਵਿਖੇ ਵਾਪਰੀ ਘਟਨਾ ਦੇ ਸਬੰਧ 'ਚ ਨੇੜਲੇ ਪਿੰਡ ਜਿਉਣਵਾਲਾ ਦੇ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਦੀ ਧਰਮਪਤਨੀ ਤੇ ਬੱਚੇ ਨੂੰ ਪੰਜਗਰਾਈਾ ਪੁਲਿਸ ਚੌਕੀ 'ਚ ਲਿਜਾ ਕੇ ਪੁੱਛਗਿੱਛ ਕਰਨ ਦੇ ਮਾਮਲੇ 'ਚ ਬਹਿਬਲ ਮੋਰਚੇ ਦੇ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਸਖ਼ਤ ਸ਼ਬਦਾਂ 'ਚ ਚਿਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਸਿੱਖਾਂ ਨੂੰ ਬੇਗਾਨਗੀ ਵਾਲਾ ਅਹਿਸਾਸ ਕਰਵਾ ਕੇ ਵੱਖ ਵੱਖ ਫ਼ਿਰਕਿਆਂ ਲਈ ਵੱਖੋ ਵਖਰੇ ਮਾਪਦੰਡ ਅਪਣਾਉਣੇ ਹਨ ਤਾਂ ਸਾਨੂੰ ਮਜਬੂਰਨ ਰਾਸ਼ਟਰੀ ਰਾਜ ਮਾਰਗ ਨੰਬਰ 54 ਦੀ ਆਵਾਜਾਈ ਅਣਮਿੱਥੇ ਸਮੇਂ ਲਈ ਮੁਕੰਮਲ ਠੱਪ ਕਰਨੀ ਪਵੇਗੀ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ |
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਰਾਜ ਸਿੰਘ ਨਿਆਮੀਵਾਲਾ ਨੇ ਆਖਿਆ ਕਿ ਉਹ ਪਿਛਲੇ 7 ਸਾਲਾਂ ਤੋਂ ਬੇਅਦਬੀ ਮਾਮਲਿਆਂ ਦੇ ਇਨਸਾਫ਼ ਦੀ ਮੰਗ ਕਰ ਰਹੇ ਹਨ, ਦੋਸ਼ੀ ਸਾਹਮਣੇ ਆ ਜਾਣ ਦੇ ਬਾਵਜੂਦ ਵੀ ਪੁਲਿਸ ਉਨ੍ਹਾਂ ਨਾਲ ਰਿਆਇਤ ਵਰਤ ਰਹੀ ਹੈ | ਸੁਖਰਾਜ ਸਿੰਘ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਸਵਾਲ ਕੀਤਾ ਕਿ ਜੇਕਰ ਅਦਾਲਤ ਵਲੋਂ ਪਹਿਲਾਂ ਸੰਮਨ, ਫਿਰ ਵਰੰਟ ਅਤੇ ਉਸ ਤੋਂ ਬਾਅਦ ਭਗੌੜੇ ਕਰਾਰ ਦਿਤੇ ਗਏ ਡੇਰਾ ਪੇ੍ਰਮੀ ਹਰਸ਼ ਧੂਰੀ, ਸੰਦੀਪ ਬਰੇਟਾ ਅਤੇ ਪ੍ਰਦੀਪ ਕਲੇਰ ਦੇ ਕਿਸੇ ਵੀ ਪ੍ਰਵਾਰਕ ਮੈਂਬਰ ਨੂੰ ਪੁਲਿਸ ਤੰਗ ਨਹੀਂ ਕਰਦੀ ਤਾਂ ਗੁਰਪ੍ਰੀਤ ਸਿੰਘ ਜਿਉਣਵਾਲਾ ਦੇ ਮਾਮਲੇ 'ਚ ਦੋਹਰੇ ਮਾਪਦੰਡ ਕਿਉਂ ਅਪਣਾਏ ਜਾ ਰਹੇ ਹਨ? ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਕੀ ਹੁਣ ਸਿੱਖਾਂ ਨੂੰ ਪੰਜਾਬ ਦੇ ਹੱਕਾਂ ਪ੍ਰਤੀ ਆਵਾਜ਼ ਉਠਾਉਣ ਦੀ ਵੀ ਇਜਾਜ਼ਤ ਨਹੀਂ? ਸੁਖਰਾਜ ਸਿੰਘ ਨੇ ਦੁਹਰਾਇਆ ਕਿ ਕਿਸੇ ਵੀ ਕੇਸ 'ਚ ਨਾਮਜ਼ਦ ਸਿੱਖ ਵਿਅਕਤੀ ਦੇ ਪ੍ਰਵਾਰਕ ਮੈਂਬਰਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਤਾਂ ਬਹਿਬਲ ਮੋਰਚਾ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ ਤੇ ਸੰਘਰਸ਼ ਕਰ ਕੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਮੂੰਹ ਤੋੜ ਜਵਾਬ ਦਿਤਾ ਜਾਵੇਗਾ |