
ਵਿਧਾਇਕਾਂ ਵਲੋਂ ਅਪਣਾ ਇਨਕਮ ਟੈਕਸ ਖ਼ੁਦ ਭਰਨ ਬਾਰੇ ਹੋ ਸਕਦਾ ਹੈ ਫ਼ੈਸਲਾ, ਸੂਬੇ ਦੀ ਵਿੱਤੀ ਹਾਲਤ ’ਤੇ ਹੋਵੇਗੀ ਚਰਚਾ
ਚੰਡੀਗੜ੍ਹ (ਭੁੱਲਰ): ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੱਦੀ ਗਈ ਹੈ। ਇਹ ਮੀਟਿੰਗ ਪਹਿਲਾਂ ਸ਼ਾਮ ਨੂੰ 4 ਵਜੇ ਸੱਦੀ ਗਈ ਸੀ ਪਰ ਹੁਣ ਸਮਾਂ ਬਦਲਕੇ ਸਵੇਰੇ 10.30 ਵਜੇ ਕਰ ਦਿਤਾ ਗਿਆ ਹੈ। ਮੀਟਿੰਗ ਵਿਚ ਸੂਬੇ ਦੀ ਵਿੱਤੀ ਹਾਲਤ ਦੇ ਸਬੰਧ ਵਿਚ ਚਰਚਾ ਕਰ ਕੇ ਆਮਦਨ ਵਿਚ ਵਾਧੇ ਲਈ ਫ਼ੈਸਲੇ ਲਏ ਜਾ ਸਕਦੇ ਹਨ। ਮਿਲੀ ਜਾਣਕਾਰੀ ਅਨੁਸਾਰ ਇਕ ਵਿਧਾਇਕ ਇਕ ਪੈਨਸ਼ਨ ਦੇ ਫ਼ੈਸਲੇ ਤੋਂ ਬਾਅਦ ਖ਼ਰਚੇ ਘਟਾਉਣ ਲਈ ਸਰਕਾਰ ਹੁਣ ਵਿਧਾਇਕਾਂ ਦੇ ਖ਼ਰਚੇ ’ਤੇ ਹੋਰ ਕੱਟ ਲਾਉਣ ਜਾ ਰਹੀ ਹੈ। ਮੀਟਿੰਗ ਵਿਚ ਵਿਧਾਇਕਾਂ ਵਲੋਂ ਅਪਣਾ ਇਨਕਮ ਟੈਕਸ ਖ਼ੁਦ ਭਰਨ ਸਬੰਧੀ ਫ਼ੈਸਲਾ ਲਿਆ ਜਾਵੇਗਾ। ਕੈਪਟਨ ਸਰਕਾਰ ਸਮੇਂ ਇਹ ਮੁੱਦਾ ਵਿਧਾਨ ਸਭਾ ਵਿਚ ਵੀ ਉਠਿਆ ਸੀ ਪਰ ਇਸ ਬਾਰੇ ਕੋਈ ਸਹਿਮਤੀ ਨਹੀਂ ਸੀ ਬਣ ਸਕੀ। ਕੁੱਝ ਕੁ ਵਿਧਾਇਕ ਹੀ ਖ਼ੁਦ ਅਪਣਾ ਇਨਕਮ ਟੈਕਸ ਭਰਨ ਲਈ ਰਾਜ਼ੀ ਹੋਏ ਸਨ ਪਰ ਹੁਣ ‘ਆਪ’ ਸਰਕਾਰ ਦਾ ਵੱਡਾ ਬਹੁਮਤ ਹੈ ਅਤੇ ਅਪਣਾ ਟੈਕਸ ਆਪ ਭਰਨ ਦੀ ਵਿਧਾਇਕਾਂ ਵਿਚ ਸਹਿਮਤੀ ਹੋਣ ਕਾਰਨ ਸਰਕਾਰ ਨੂੰ ਫ਼ੈਸਲਾ ਲੈਣ ਲਈ ਅਸਾਨੀ ਹੋਵੇਗੀ।