
ਭਗਵੰਤ ਮਾਨ ਅਤੇ ਰਾਘਵ ਚੱਢਾ ਨਾਲ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾਵਾਂ ਦੀ ਮੁਲਾਕਾਤ
ਸ਼ਰਦ ਪਵਾਰ ਨੇ ਭੇਜੀਆਂ ਪਾਰਟੀ ਵਲੋਂ ਸਰਕਾਰ ਲਈ ਸ਼ੁਭ ਇੱਛਾਵਾਂ
ਮੋਹਾਲੀ, 1 ਮਈ (ਪੱਤਰ ਪ੍ਰੇਰਕ) : ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਮੈਂਬਰ ਰਾਜ ਸਭਾ -ਸ਼ਰਦ ਪਵਾਰ ਅਤੇ ਮੈਂਬਰ ਲੋਕ ਸਭਾ ਸੁਪਿ੍ਆ ਸੁਲੇ ਦੀ ਤਰਫੋਂ ਮਹਾਰਾਸ਼ਟਰ ਦਿਵਸ ਦੇ ਮੌਕੇ 'ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਪਣੀਆਂ ਸ਼ੁਭ ਇੱਛਾਵਾਂ ਭੇਜੀਆਂ ਗਈਆਂ |
ਸ਼ਰਦ ਪਵਾਰ ਦਾ ਸੁਨੇਹਾ ਲੈ ਕੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪੰਜਾਬ ਯੂਨਿਟ ਪ੍ਰਧਾਨ ਸਵਰਨ ਸਿੰਘ ਅਤੇ ਐਨ.ਸੀ.ਪੀ. ਯੂਥ ਵਿੰਗ ਦੇ ਰਾਸ਼ਟਰੀ ਸਕੱਤਰ ਗੁਰਿੰਦਰ ਸਿੰਘ ਸ਼ੰਮੀ ਅਤੇ ਪਰਮਿੰਦਰ ਸਿੰਘ ਨੇ ਕਪੂਰਥਲਾ ਹਾਊਸ ਦਿੱਲੀ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਨ.ਸੀ.ਪੀ. ਦੇ ਪੰਜਾਬ ਪ੍ਰਧਾਨ ਸਵਰਨ ਸਿੰਘ ਨੇ ਦਸਿਆ ਕਿ ਕਪੂਰਥਲਾ ਹਾਊਸ ਵਿਖੇ ਐਨ.ਸੀ.ਪੀ. ਨੇਤਾਵਾਂ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਮੈਂਬਰ ਰਾਜ ਸਭਾ- ਰਾਘਵ ਚੱਢਾ ਦੇ ਨਾਲ 45 ਮਿੰਟ ਦੇ ਕਰੀਬ ਮੀਟਿੰਗ ਹੋਈ ਅਤੇ ਪੰਜਾਬ ਨਾਲ ਸਬੰਧਤ ਮਾਮਲਿਆਂ ਬਾਰੇ ਵਿਸਥਾਰਤ ਗੱਲਬਾਤ ਕੀਤੀ ਗਈ |
ਉਨ੍ਹਾਂ ਦਸਿਆ ਕਿ ਇਸ ਮੌਕੇ ਭਗਵੰਤ ਸਿੰਘ ਮਾਨ ਵਲੋਂ ਮੈਂਬਰ ਲੋਕ ਸਭਾ ਅਤੇ ਐਨ.ਸੀ.ਪੀ. ਨੇਤਾ - ਸੁਪਰੀਆ ਸੂਲੇ ਦਾ ਫ਼ੋਨ ਜ਼ਰੀਏ ਧਨਵਾਦ ਕੀਤਾ | ਸਵਰਨ ਸਿੰਘ ਐਨ.ਸੀ.ਪੀ. ਪੰਜਾਬ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨੇ ਮਿਲ ਕੇ ਇਹ ਜ਼ੋਰ ਲਗਾ ਰਖਿਆ ਹੈ ਕਿ ਉਹ ਪੰਜਾਬ ਸਰਕਾਰ ਦੇ ਕੰਮਾਂ ਵਿਚ ਬਿਨਾਂ ਵਜ੍ਹਾ ਰੁਕਾਵਟਾਂ ਖੜੀ ਕਰਨ ਅਤੇ ਪੰਜਾਬ ਦੇ ਸਰਬਪੱਖੀ ਵਿਕਾਸ ਵਿਚ ਅੜਿੱਕਾ ਖੜਾ ਕਰਨਾ ਚਾਹੁੰਦੇ ਹਨ, ਤਾਕਿ ਪੰਜਾਬ ਵਿਚਲੀ 'ਆਪ' ਦੀ ਸਰਕਾਰ ਨੂੰ ਸ਼ਬਦੀ ਬਿਆਨਬਾਜ਼ੀ ਰਾਹੀਂ ਘੇਰਿਆ ਜਾ ਸਕੇ | ਸਵਰਨ ਸਿੰਘ ਨੇ ਕਿਹਾ ਕਿ ਐੱਨ.ਸੀ.ਪੀ.- ਨੇਤਾ ਸ਼ਰਦ ਪਵਾਰ ਦੇ ਵੱਲੋਂ ਉਨ੍ਹਾਂ ਨੂੰ ਇਹ ਸਖ਼ਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਪੰਜਾਬ ਵਿਚ ਭਗਵੰਤ ਸਿੰਘ ਮਾਨ ਦੀ ਆਪ ਸਰਕਾਰ ਦੇ ਨਾਲ ਮਿਲ ਕੇ ਸਰਕਾਰ ਦੀਆਂ ਯੋਜਨਾਵਾਂ ਨੂੰ ਸਹੀ ਮਾਅਨਿਆਂ ਦੇ ਵਿਚ ਲਾਗੂ ਕਰਨ ਦੇ ਲਈ ਲੋਕਾਂ ਤੱਕ ਪਹੁੰਚਾਇਆ ਜਾਵੇ | ਐੱਨ.ਸੀ.ਪੀ. ਨੇਤਾ ਸਵਰਨ ਸਿੰਘ ਨੇ ਕਿਹਾ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਗਣ ਜਿੰਨਾ ਮਰਜ਼ੀ ਜ਼ੋਰ ਆਪ ਦੀ ਸਰਕਾਰ ਨੂੰ ਫੇਲ੍ਹ ਕਰਨ ਦੇ ਲਈ ਲਗਾ ਦੇਣ , ਪ੍ਰੰਤੂ ਇਹ ਲੋਕਾਂ ਦੁਆਰਾ ਚੁਣੀ ਗਈ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਦਿਨ ਪ੍ਰਤੀ ਦਿਨ ਪੰਜਾਬ ਦੀ ਭਲਾਈ ਲਈ ਪ੍ਰਾਜੈਕਟ ਅਤੇ ਯੋਜਨਾਵਾਂ ਨੂੰ ਅਮਲੀ ਰੂਪ ਪਹਿਨਾਇਆ ਜਾ ਰਿਹਾ ਹੈ |