
ਪਾਜ਼ੇਟਿਵ ਕੇਸਾਂ ਦਾ ਕੁੱਲ ਅੰਕੜਾ 2305 ਹੋਇਆ
ਚੰਡੀਗੜ੍ਹ, 1 ਜੂਨ (ਗੁਰਉਪਦੇਸ਼ ਭੁੱਲਰ): ਪੰਜਾਬ ’ਚ ਮੁੜ ਕੋਰੋਨਾ ਕੇਸਾਂ ’ਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਪਿਛਲੇ 24 ਘੰਟਿਆਂ ’ਚ 42 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਸੂਬੇ ’ਚ ਕੁੱਲ ਕੋਰੋਨਾ ਪੀੜਤ ਮਾਮਲਿਆਂ ਦਾ ਅੰਕੜਾ 2300 ਨੂੰ ਪਾਰ ਕਰ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਸੰਗਰੂਰ, ਬਠਿੰਡਾ, ਫ਼ਤਿਹਗੜ੍ਹ ਸਾਹਿਬ, ਪਟਿਆਲਾ, ਮੋਹਾਲੀ, ਅੰਮ੍ਰਿਤਸਰ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ ਅਤੇ ਲੁਧਿਆਣਾ ਜ਼ਿਲਿ੍ਹਆਂ ’ਚ ਨਵੇਂ ਕੇਸ ਸਾਹਮਣੇ ਆਏ ਹਨ। ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਨੰਗਲੀ ਇਸ ਸਮੇਂ ਕੋਰੋਨਾ ਕੇਂਦਰ ਬਣ ਗਿਆ ਹੈ ਜਿੱਥੇ ਅੱਜ 8 ਹੋਰ ਕੇਸ ਆਏ। ਇਸ ਪਿੰਡ ’ਚ ਕੁੱਲ ਕੋਰੋਨਾ ਕੇਸ 26 ਹੋ ਗਏ ਹਨ।
ਅੱਜ 13 ਕੋਰੋਨਾ ਪੀਡਤ ਠੀਕ ਹੋਏ ਹਨ। ਇਸ ਸੂਬੇ ’ਚ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ ਵੀ 2000 ਤਕ ਪਹੁੰਚ ਗਈ ਹੈ। 257 ਪੀੜਤ ਇਸ ਸਮੇਂ ਇਲਾਜ ਅਧੀਨ ਹਨ। ਅੰਮ੍ਰਿਤਸਰ ਜ਼ਿਲ੍ਹੇ ’ਚ ਇਸ ਸਮੇਂ ਸੱਭ ਤੋਂ ਵੱਧ ਕੁੱਲ 386 ਪਾਜ਼ੇਟਿਵ ਕੇਸ ਆਏ ਹਨ ਅਤੇ ਇਸ ਤੋਂ ਬਾਅਦ ਜ਼ਿਲ੍ਹਾ ਜਲੰਧਰ ’ਚ 246 ਦਾ ਅੰਕੜਾ ਹੈ। ਭਾਵੇਂ ਕਿ ਇਨ੍ਹਾਂ ’ਚੋਂ ਬਹੁਤੇ ਠੀਕ ਹੋ ਚੁੱਕੇ ਹਨ।
ਅੰਮ੍ਰਿਤਸਰ, 1 ਜੂਨ (ਪਪ) : ਜ਼ਿਲ੍ਹਾ ਅੰਮ੍ਰਿਤਸਰ ’ਚ ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਸੋਮਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਦੇ 9 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਦਾਖ਼ਲ ਕਰਵਾਇਆ ਗਿਆ ਹੈ। ਜ਼ਿਲ੍ਹੇ ’ਚ ਹੁਣ ਮਰੀਜ਼ਾਂ ਦੀ ਗਿਣਤੀ ਕੁਲ 408 ਹੋ ਗਈ ਹੈ, ਜਿਨ੍ਹਾਂ ’ਚੋਂ 7 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਮਿਆਣੀ, 1 ਜੂਨ (ਪਪ) : ਪਿੰਡ ਨੰਗਲੀ (ਜਲਾਲਪੁਰ ) ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ 8 ਹੋਰ ਪਾਜ਼ੀਟਿਵ ਕੇਸ ਆਉਣ ਕਾਰਨ ਇਲਾਕੇ ਦੇ ਲੋਕਾਂ ‘ਚ ਦਹਿਸ਼ਤ ਹੈ। ਪਿੰਡ ‘ਚ ਹੁਣ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 26 ਹੋ ਗਈ ਹੈ। ਇਸ ਕੰਟੈਨਮੈਂਟ ਜੋਨ ‘ਚ ਸਿਹਤ ਵਿਭਾਗ ਦੀ ਟੀਮਾਂ ਨੇ ਅੱਜ ਫਿਰ 67 ਪਿੰਡ ਵਾਸੀਆਂ ਦੇ ਟੈੱਸਟ ਲਈ ਸੈਂਪਲ ਲਏ।
File photo
ਫ਼ਤਹਿਗੜ੍ਹ ਸਾਹਿਬ, 1 ਜੂਨ (ਸੁਰਜੀਤ ਸਿੰਘ ਸਾਹੀ) : ਜ਼ਿਲ੍ਹੇ ਵਿਚ ਅੱਜ ਇਕੋ ਦਿਨ 5 ਕੋਰੋਨਾ ਪੋਜਟਿਵ ਕੇਸ ਸਾਹਮਣੇ ਆਏ ਹਨ ਜਿਸ ਨਾਲ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 63 ਹੋ ਗਈ ਹੈ। ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾਕਟਰ ਐਨ.ਕੇ.ਅਗਰਵਾਲ ਨੇ ਦਸਿਆ ਕਿ ਇਹ ਕੇਸ ਖਮਾਣੋਂ ਦੀ ਸਬ ਡਵੀਜ਼ਨ ਦੇ ਪਿੰਡ ਪਨੈਚਾਂ ਦੇ ਨਾਲ ਸਬੰਧਤ ਹਨ। ਉਨ੍ਹਾਂ ਦਸਿਆ ਕਿ ਇਹ ਪਰਵਾਰ ਦਿੱਲੀ ਤੋਂ ਆਇਆ ਸੀ। ਪਰਵਾਰ ਦੇ ਅੱਠ ਮੈਂਬਰਾਂ ਦੇ ਟੈਸਟ ਲਏ ਗਏ ਸਨ ਜਿਨ੍ਹਾਂ ਵਿਚੋਂ ਪੰਜ ਪਾਜ਼ੇਟਿਵ ਪਾਏ ਗਏ ਹਨ ਤੇ 3 ਨੈਗੇਟਿਵ ਆਏ ਹਨ। ਉਨ੍ਹਾਂ ਦਸਿਆ ਕਿ ਪਾਜ਼ੇਟਿਵ ਵਿਅਕਤੀਆਂ ਨੂੰ ਗਿਆਨ ਸਾਗਰ ਹਸਪਤਾਲ ਬਨੂੜ ਵਿਖੇ ਦਾਖਲ ਕਰਵਾ ਦਿਤਾ ਗਿਆ ਹੈ।
ਲੁਧਿਆਣਾ, 1 ਜੂਨ (ਬਰਜਿੰਦਰ ਸਿੰਘ ਬਰਾੜ) : ਜ਼ਿਲ੍ਹਾ ਲੁਧਿਆਣਾ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ 19 ਬਿਮਾਰੀ ਤੋਂ ਪੀੜਤ 4 ਹੋਰ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ 3 ਮਰੀਜ਼ ਖੰਨਾ ਖੇਤਰ ਨਾਲ ਸਬੰਧਤ ਹਨ, ਜਦਕਿ ਇਕ ਸਥਾਨਕ ਛਾਉਣੀ ਮੁਹੱਲੇ ਨਾਲ ਸੰਬੰਧਤ ਹੈ। ਇਹ ਸਬੰਧੀ ਹੋਰ ਜਾਣਕਾਰੀ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦਿੰਦਿਆ ਦਸਿਆ ਕਿ ਲੁਧਿਆਣਾ ਜ਼ਿਲ੍ਹੇ ਵਿਚ ਹੁਣ ਤਕ ਕੁੱਲ 7688 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 7372 ਦੀ ਰੀਪੋਰਟ ਪ੍ਰਾਪਤ ਹੋਈ ਹੈ, ਜਿਨ੍ਹਾਂ ਵਿਚੋਂ 7084 ਨਤੀਜੇ ਨੈਗੇਟਿਵ ਆਏ ਹਨ, ਜਦਕਿ 316 ਰੀਪੋਰਟਾਂ ਦੀ ਰੀਪੋਰਟ ਆਉਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਜ਼ਿਲ੍ਹੇ ਨਾਲ ਸੰਬੰਧਤ 198 ਮਾਮਲੇ ਪਾਜ਼ੇਟਿਵ ਪਾਏ ਗਏ ਹਨ, ਜਦਕਿ 90 ਮਰੀਜ਼ ਹੋਰ ਜ਼ਿਲਿ੍ਹਆਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ 8 ਮੌਤਾਂ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਅਤੇ 6 ਹੋਰ ਜ਼ਿਲਿਆਂ ਨਾਲ ਸੰਬੰਧਤ ਹੋਈਆਂ ਹਨ। ਹੁਣ ਤਕ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ 149 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਹਸਪਤਾਲ ਵਿਚੋਂ ਛੁੱਟੀ ਦੇ ਦਿਤੀ ਗਈ ਹੈ।