
ਜੂਨ 1984 ਦੇ ਸ਼ਹੀਦ ਪ੍ਰਵਾਰਾਂ ਦਾ ਕੀਤਾ ਸਨਮਾਨ
ਅੰਮਿ੍ਰਤਸਰ, 1 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ): ਭਾਰਤੀ ਫ਼ੌਜ ਵਲੋਂ ਜੂਨ 1984 ਦੇ ਦਰਬਾਰ ਸਾਹਿਬ ਹਮਲੇ ਦੀ 37ਵੀਂ ਵਰ੍ਹੇਗੰਢ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਅੱਜ ਗੁਰਦਵਾਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਖ਼ਾਲਸਾਈ ਮਰਿਆਦਾ ਅਨੁਸਾਰ ਸੰਪੰਨ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਣ ਬਾਅਦ ਹਜ਼ੂਰੀ ਰਾਗੀ ਭਾਈ ਦਵਿੰਦਰ ਸਿੰਘ ਤੇ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਵਲੋਂ ਗੁਰਬਾਣੀ ਦੇ ਵੈਰਾਗਮਈ ਕੀਰਤਨ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿਤੀ ਗਈ।
ਇਸ ਮੌਕੇ ਸ਼ਹੀਦ ਭਾਈ ਮਹਿੰਗਾ ਸਿੰਘ ਦੇ ਭਰਾਤਾ ਦਵਿੰਦਰਪਾਲ ਸਿੰਘ, ਸ਼ਹੀਦ ਜਨਰਲ ਸਬੇਗ ਸਿੰਘ ਦੇ ਭਰਾਤਾ ਬੇਅੰਤ ਸਿੰਘ, ਸ਼ਹੀਦ ਭਾਈ ਅਮਰੀਕ ਸਿੰਘ ਦੇ ਰਿਸ਼ਤੇਦਾਰ ਰਾਜਨਦੀਪ ਸਿੰਘ, ਸ਼ਹੀਦ ਭਾਈ ਮੇਜਰ ਸਿੰਘ ਨਾਗੋਕੇ ਦੇ ਸਪੁੱਤਰ ਕੁਲਦੀਪ ਸਿੰਘ ਨੂੰ ਸਿਰੋਪਾਉ ਨਾਲ ਸਨਮਾਨਤ ਕੀਤਾ ਗਿਆ। ਹਵਾਰਾ ਕਮੇਟੀ ਦੇ ਪ੍ਰੋ.ਬਲਜਿੰਦਰ ਸਿੰਘ ਨੇ ਸ਼੍ਰੋਮਣੀ ਕਮੇਟੀ ਕੋਲੋਂ ਮੰਗ ਕੀਤੀ ਕਿ ਗੁ.ਬਾਬਾ ਅਟੱਲ ਰਾਏ ਸਾਹਿਬ ਵਿਖੇ ਭਾਈ ਮਹਿੰਗਾ ਸਿੰਘ ਬੱਬਰ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਸੰਗਤਾਂ ਲਈ ਸਿਹਤ ਸੁਵਿਧਾ ਕੇਂਦਰ ਸਥਾਪਤ ਕੀਤਾ ਜਾਵੇ ਜਿਸ ਦਾ ਸਾਰਾ ਖ਼ਰਚਾ ਹਵਾਰਾ ਕਮੇਟੀ ਕਰੇਗੀ। ਗੁਰਦਵਾਰਾ ਸਾਹਿਬ ਤੋਂ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੀਆਂ। ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਕਿ 1984 ਦਾ ਹਮਲਾ ਇਕ ਨਸੂਰ ਹੈ ਜਿਸ ਦੀ ਚੀਸ ਤੋਂ ਅਜ਼ਾਦੀ ਦੇ ਸੰਘਰਸ਼ ਨੇ ਜਨਮ ਲਿਆ ਹੈ ਬਾਪੂ ਗੁਰਚਰਨ ਸਿੰਘ ਵਲੋਂ ਪੜਿ੍ਹਆ ਗਿਆ।
ਅੱਜ ਦੇ ਸਮਾਗਮ ਵਿਚ ਅੰਖਡ ਕੀਰਤਨੀ ਜਥਾ, ਦਮਦਮੀ ਟਕਸਾਲ ਸੰਗਰਾਵਾਂ, ਅਕਾਲ ਯੂਥ, ਤਰਨਾ ਦਲ ਬਾਬਾ ਬਕਾਲਾ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ, ਜਥਾ ਸਿਰਲੱਥ, ਅਕਾਲ ਖ਼ਾਲਸਾ ਦਲ ਆਦਿ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਤੇ ਦਰਬਾਰ ਸਾਹਿਬ ਦੇ ਗ੍ਰੰਥੀ ਗੁਰਮਹਿੰਦਰ ਸਿੰਘ, ਗਿਆਨੀ ਰਵੇਲ ਸਿੰਘ, ਜਥੇਦਾਰ ਬਖ਼ਸ਼ੀਸ਼ ਸਿੰਘ, ਸਤਨਾਮ ਸਿੰਘ ਝੰਝੀਆ, ਬਾਪੂ ਗੁਰਚਰਨ ਸਿੰਘ, ਸਤਨਾਮ ਸਿੰਘ ਖੰਡਾ, ਮਹਾਬੀਰ ਸਿੰਘ ਸੁਲਤਾਨਵਿੰਡ, ਦਰਬਾਰ ਸਾਹਿਬ ਮੈਨੇਜਰ ਗੁਰਵਿੰਦਰ ਸਿੰਘ ਮਥਰੇਵਾਲ, ਅਡੀਸਨਲ ਮੈਨੇਜਰ ਬਘੇਲ ਸਿੰਘ, ਸ੍ਰੋਮਣੀ ਕਮੇਟੀ ਜਨ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਨਰੈਣ ਸਿੰਘ ਚੌੜਾ, ਰਣਜੀਤ ਸਿੰਘ, ਭੁਪਿੰਦਰ ਸਿੰਘ 6 ਜੂਨ, ਦਿਲਬਾਗ ਸਿੰਘ ਆਦਿ ਨੇ ਹਾਜ਼ਰੀਆਂ ਭਰੀਆਂ।