
ਪੂਨੇ ਤੋਂ ਲਿਆਂਦੇ ਟੈਂਕ ਨੂੰ ਸੁਭਾਸ਼ ਮਾਰਕੀਟ ’ਚ ਕੀਤਾ ਜਾਵੇਗਾ ਸਥਾਪਤ
ਬਠਿੰਡਾ (ਸੁਖਜਿੰਦਰ ਮਾਨ) : ਹਵਾਈ ਜਹਾਜ਼ ਤੇ ਰੇਲਵੇ ਇੰਜਨ ਤੋਂ ਬਾਅਦ ਹੁਣ ਜੰਗੀ ਟੈਂਕ ਬਠਿੰਡਾ ਸ਼ਹਿਰ ਦੀ ਸ਼ਾਨ ਵਧਾਏਗਾ। ਨਗਰ ਨਿਗਮ ਦੀ ਪਹਿਲਕਦਮੀ ’ਤੇ ਇਹ ਟੈਂਕ ਪੂਨੇ ਨਜ਼ਦੀਕ ਖਿੜਕੀ ਤੋਂ ਬੀਤੀ ਸ਼ਾਮ ਬਠਿੰਡਾ ਪੁੱਜ ਗਿਆ ਹੈ। ਨਿਗਮ ਇਸੇ ਮਹੀਨੇ ’ਚ ਇਸ ਟੈਂਕ ਨੂੰ ਸਥਾਨਕ ਮਾਲ ਰੋਡ ’ਤੇ ਸਥਿਤ ਸੁਭਾਸ਼ ਮਾਰਕੀਟ ’ਚ ਸਥਾਪਤ ਕਰੇਗਾ।
ਇਹੀਂ ਨਹੀਂ ਇਸ ਜਗ੍ਹਾ ਨੂੰ ਪਿਕਨਿਕ ਪੁਆਇੰਟ ਬਣਾਉਣ ਲਈ ਇਸ ਟੈਂਕ ਦੇ ਆਸਪਾਸ ਫ਼ੂਡ ਸਟਾਲਾਂ ਵੀ ਸਥਾਪਤ ਕੀਤੀ ਜਾਣਗੀਆਂ ਤੇ ਨਾਲ ਹੀ ਇਥੇ ਲੋਕਾਂ ਦੇ ਬੈਠਣ ਲਈ ਸਟੂਲਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਕੰਮ ਲਈ ਨਿਗਮ ਵਲੋਂ ਕਰੀਬ 20 ਲੱਖ ਖਰਚੇ ਜਾਣਗੇ। ਇਹ ਵੀ ਪਤਾ ਲੱਗਿਆ ਹੈ ਕਿ ਟੈਂਕ ਸਥਾਪਤ ਕਰਨ ਤੋਂ ਬਾਅਦ ਇਥੇ ਬਣੇ ਆਰਜੀ ਟੈਕਸੀ ਸਟੈਂਡ ਨੂੰ ਹਟਾ ਦਿਤਾ ਜਾਵੇਗਾ।
ਗੌਰਤਲਬ ਹੈ ਕਿ ਬਠਿੰਡਾ ਸ਼ਹਿਰ ਦਾ ਦਿਲ ਮੰਨੇ ਜਾਣ ਵਾਲੇ ਮਾਲ ਰੋਡ ’ਤੇ ਧੋਬੀ ਬਾਜ਼ਾਰ ਦੇ ਐਨ ਨਾਲ ਲਗਦੀ ਸੁਭਾਸ਼ ਮਾਰਕੀਟ ਕਾਫ਼ੀ ਲੰਮੇ ਸਮੇਂ ਤੋਂ ਅਣਗੋਲੀ ਹੀ ਪਈ ਸੀ। ਜਿਸ ਕਾਰਨ ਇਥੇ ਨਾ ਸਿਰਫ਼ ਟੈਕਸੀ ਸਟੈਂਡ ਬਣਿਆ ਹੋਇਆ ਸੀ, ਬਲਕਿ ਪਾਣੀ ਵਾਲੀ ਟੈਂਕੀ ਦੇ ਥੱਲੇ ਜੂਏਬਾਜ਼ੀ ਦੀਆਂ ਚਰਚਾਵਾਂ ਵੀ ਚਲਦੀਆਂ ਰਹੀਆਂ।
ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਨੇ ਦਸਿਆ ਕਿ ‘‘ਸ਼ਹਿਰ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਣ ਲਈ ਇਹ ਯਤਨ ਕੀਤੇ ਜਾ ਰਹੇ ਹਨ।’’ ਦਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਸਥਾਨਕ ਰੋਜ਼ ਗਾਰਡਨ ਵਿਚ ਭਾਰਤੀ ਰੇਲ ਦੇ ਇੰਜਣ ਨੂੰ ਸਥਾਪਤ ਕੀਤਾ ਗਿਆ। ਇਸੇ ਤਰ੍ਹਾਂ ਗੋਨਿਆਣਾ ਤੇ ਮਲੋਟ ਰੋਡ ’ਤੇ ਬਣੇ ਭਾਈ ਘਨੱਈਆ ਚੌਕ ’ਤੇ ਕੁੱਝ ਸਮਾਂ ਪਹਿਲਾਂ ਭਾਰਤੀ ਹਵਾਈ ਫ਼ੌਜ ਦੇ ਮਿੱਗ 21 ਨੂੰ ਸਥਾਪਤ ਕੀਤਾ ਗਿਆ ਹੈ। ਜਦਕਿ ਹੁਣ ਸ਼ਹਿਰ ਦੇ ਪ੍ਰਮੁੱਖ ਬਜ਼ਾਰ ’ਚ ਜੰਗੀ ਟੈਂਕ ਲੱਗਣ ਨਾਲ ਇਸ ਦੀ ਮਹੱਤਤਾ ਹੋਰ ਵਧ ਜਾਵੇਗੀ।
ਨਿਗਮ ਦੇ ਨਿਗਰਾਨ ਇੰਜੀਨੀਅਰ ਹਰਪਾਲ ਸਿੰਘ ਨੇ ਸਪੋਕਸਮੈਨ ਨੂੰ ਦਸਿਆ ਕਿ ‘‘ਟੈਂਕ ਨੂੰ ਸਥਾਪਤ ਕਰਨ ਦਾ ਕੰਮ ਇਸੇ ਮਹੀਨੇ ਵਿਚ ਪੂਰਾ ਕਰ ਲਿਆ ਜਾਵੇਗਾ।’’ ਉਨ੍ਹਾਂ ਕਿਹਾ ਕਿ ਇਸ ਜਗ੍ਹਾ ਨੂੰ ਮਹੱਤਪੂਰਨ ਪਿਕਨਿਕ ਸਪਾਟ ਤੇ ਸੈਲਫ਼ੀ ਪੁਆਇੰਟ ਵਜੋਂ ਤਿਆਰ ਕੀਤਾ ਜਾਵੇਗਾ ਤਾਂ ਬਾਜ਼ਾਰਾਂ ਵਿਚ ਆਉਣ ਵਾਲੇ ਲੋਕ ਇਥੇ ਆਰਾਮ ਨਾਲ ਬੈਠ ਸਕਣ। ਨਾਲ ਹੀ ਖਾਣ-ਪੀਣ ਦੀਆਂ ਸਟਾਲਾਂ ਨੂੰ ਵੀ ਤਿਆਰ ਕੀਤਾ ਜਾਵੇਗਾ। ਨਿਗਮ ਦੀ ਮੇਅਰ ਸ੍ਰੀਮਤੀ ਰਮਨ ਗੋਇਲ ਨੇ ਵੀ ਕਿਹਾ ਕਿ ‘‘ਉਨ੍ਹਾਂ ਦਾ ਮਕਸਦ ਸ਼ਹਿਰ ਨੂੰ ਵਿਕਾਸ ਪੱਖੋਂ ਅੱਗੇ ਲਿਜਾਣਾ ਹੈ ਤੇ ਇਸ ਲਈ ਉਹ ਲਗਾਤਾਰ ਕੰਮ ਕਰਦੇ ਰਹਿਣਗੇ।’’