
ਮਨੀਸ਼ਾ ਗੁਲਾਟੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਹੋਇਆ ਕਤਲ ਬੇਹੱਦ ਦੁਖਦਾਈ ਹੈ।
ਮਾਨਸਾ: ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਅੱਜ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਉਹਨਾਂ ਦੇ ਘਰ ਪਹੁੰਚੇ। ਮਨੀਸ਼ਾ ਗੁਲਾਟੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਹੋਇਆ ਕਤਲ ਬੇਹੱਦ ਦੁਖਦਾਈ ਹੈ। ਅੱਜ ਮੈਂ ਉਹਨਾਂ ਦੇ ਪਰਿਵਾਰ ਨਾਲ ਇਹ ਅਸਹਿ ਦੁੱਖ ਸਾਂਝਾ ਕਰਨ ਲਈ ਪਹੁੰਚੀ ਹਾਂ।
ਮਨੀਸ਼ਾ ਗੁਲਾਟੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਮੈਨੂੰ ਦੱਸਿਆ ਸੀ ਕਿ ਉਹ ਮਾਂ ਉੱਤੇ ਗੀਤ ਤਿਆਰ ਕਰਨਗੇ ਅਤੇ ਉਸ ਨੂੰ ਕਮਿਸ਼ਨ ਦੇ ਦਫਤਰ ਵਿਚ ਲਾਂਚ ਕਰਨਗੇ। ਉਹਨਾਂ ਕਿਹਾ ਕਿ ਕਰਨ ਔਜਲਾ ਨੇ ਮੇਰੇ ਨਾਲ ਵਾਅਦਾ ਕੀਤਾ ਹੈ ਕਿ ਉਹ ਸਿੱਧੂ ਦਾ ਸੁਪਨਾ ਪੂਰਾ ਕਰਨਗੇ। ਉਹਨਾਂ ਦੱਸਿਆ ਕਿ ਸਿੱਧੂ ਨੇ ਕਿਹਾ ਸੀ ਕਿ ਉਹ ਮੇਰਾ ਫੈਨ ਹੈ, ਉਹ ਮੇਰੇ ਨਾਲ ਮੁਲਾਕਾਤ ਲਈ ਵੀ ਆਏ ਸਨ ਪਰ ਮੁਲਾਕਾਤ ਨਹੀਂ ਹੋ ਸਕੀ।
ਮਨੀਸ਼ਾ ਗੁਲਾਟੀ ਨੇ ਕਿਹਾ ਕਿ ਰੱਬ ਅੱਗੇ ਇਹੀ ਅਰਦਾਸ ਹੈ ਕਿ ਕਿਸੇ ਵੀ ਪਿਓ ’ਤੇ ਇਹ ਦਿਨ ਨਾ ਆਵੇ ਕਿ ਉਸ ਨੂੰ ਅਪਣੀ ਪੱਗ ਲਾਹੁਣੀ ਪਵੇ। ਉਹਨਾਂ ਕਿਹਾ, “ਇਸ ਸਮੇਂ ਜੋ ਇਸ ਮਾਂ-ਪਿਓ ’ਤੇ ਗੁਜ਼ਰ ਰਹੀ ਹੈ, ਉਹ ਸਿਰਫ਼ ਉਹੀ ਜਾਣਦੇ ਹਨ, ਇਕ ਮਾਂ ਦੇ ਬੱਚੇ ਨੂੰ ਸੱਟ ਵੀ ਲੱਗ ਜਾਏ ਤਾਂ ਉਸ ਦਾ ਦਿਲ ਘਬਰਾ ਜਾਂਦਾ ਹੈ....ਇੱਥੇ ਤਾਂ ਇਕ ਮਾਂ ਕੋਲੋਂ ਉਸ ਦਾ ਪੁੱਤ ਹੀ ਖੋ ਲਿਆ... ਮੈਂ ਪੰਜਾਬ ਸਰਕਾਰ ਨੂੰ ਇਸ ਘਟਨਾ ਦੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਕਾਨੂੰਨੀ ਸ਼ਿਕੰਜੇ 'ਚ ਜਕੜਨ ਦੀ ਅਪੀਲ ਕਰਦੀ ਹਾਂ”।