
ਲੱਖਾਂ ਰੁਪਏ ਰਿਸ਼ਵਤ ਮੰਗਣ ਦੇ ਲੱਗੇ ਇਲਜ਼ਾਮ
ਮੁਹਾਲੀ : ਨਾਜਾਇਜ਼ ਫਾਰਮ ਹਾਊਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਮੁਹਾਲੀ ਵਿਜੀਲੈਂਸ ਬਿਊਰੋ ਨੇ ਜ਼ਿਲ੍ਹਾ ਜੰਗਲਾਤ ਅਫ਼ਸਰ ਗੁਰਅਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੁਰਅਮਨਪ੍ਰੀਤ ਸਿੰਘ ਖ਼ਿਲਾਫ਼ ਸ਼ਿਕਾਇਤ ਦਵਿੰਦਰ ਸੰਧੂ ਨੇ ਦਿੱਤੀ ਸੀ। ਸ਼ਿਕਾਇਤ ਦੇ ਨਾਲ ਹੀ ਉਸ ਨੇ ਰਿਸ਼ਵਤ ਲੈਣ ਦੀ ਵੀਡੀਓ ਵੀ ਜਾਰੀ ਕੀਤੀ ਸੀ। ਜ਼ਿਲ੍ਹਾ ਜੰਗਲਾਤ ਅਫ਼ਸਰ ਦੀ ਮੀਟਿੰਗ ਤੋਂ ਪਹਿਲਾਂ ਵਿਭਾਗ ਦੇ ਦੋ ਅਧਿਕਾਰੀਆਂ ਨੇ ਦਵਿੰਦਰ ਸੰਧੂ ਨੂੰ ਮੀਟਿੰਗ ਦਾ ਸੁਨੇਹਾ ਦਿੱਤਾ ਸੀ। ਮੀਟਿੰਗ ਦੀ ਵਿਚੋਲਗੀ ਵਿਭਾਗ ਦੇ ਠੇਕੇਦਾਰ ਹਰਮਨਿੰਦਰ ਸਿੰਘ ਉਰਫ ਹੈਮੀ ਨੇ ਕੀਤੀ।
WWICS farmhouse case
ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਜੰਗਲਾਤ ਵਿਭਾਗ ਦੇ DFO ਗੁਰਅਮਨਪ੍ਰੀਤ ਸਿੰਘ ਖ਼ਿਲਾਫ਼ ਰਿਸ਼ਵਤ ਦੇ ਮਾਮਲੇ 'ਚ ਕਾਰਵਾਈ ਕਰਦੇ ਹੋਏ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। WWICS ਦੇ ਡਾਇਰੈਕਟਰ ਦਵਿੰਦਰ ਸੰਧੂ ਵੱਲੋਂ 29 ਮਈ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਡੀਐਫਓ 'ਤੇ ਦੋਸ਼ ਲਗਾਏ ਗਏ ਸਨ ਕਿ ਉਨ੍ਹਾਂ ਨੇ ਫੇਅਰ ਹੈਵਨ ਮਾਮਲੇ ਵਿੱਚ 30 ਅਪ੍ਰੈਲ ਨੂੰ ਮੀਟਿੰਗ ਕੀਤੀ ਸੀ।
ਜਿਸ ਵਿੱਚ ਉਸ ਵੱਲੋਂ ਇੱਕ ਕਰੋੜ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਇਸ ਤੋਂ ਇਲਾਵਾ ਫਾਰਮ ਹਾਊਸ ਦੀ ਵਿਕਰੀ 'ਤੇ ਪੰਜ ਲੱਖ ਅਤੇ ਪ੍ਰਤੀ ਮਹੀਨਾ ਦਸ ਲੱਖ ਦੀ ਮੰਗ ਵੀ ਕੀਤੀ ਗਈ ਸੀ। ਮੀਟਿੰਗ ਦੌਰਾਨ ਉਸ ਨੂੰ ਦੋ ਲੱਖ ਰੁਪਏ ਰਿਸ਼ਵਤ ਵਜੋਂ ਦਿੱਤੇ ਗਏ। ਸੰਧੂ ਵੱਲੋਂ ਉਨ੍ਹਾਂ ਦੀ ਮੁਲਾਕਾਤ ਦੀ ਵੀਡੀਓ ਵੀ ਮੀਡੀਆ ਨੂੰ ਸੌਂਪੀ ਗਈ।
WWICS farmhouse case
ਸੰਧੂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਰਾਸ਼ਟਰਪਤੀ ਤੋਂ ਲੈ ਕੇ ਪ੍ਰਧਾਨ ਮੰਤਰੀ, ਚੀਫ ਜਸਟਿਸ, ਮੁੱਖ ਮੰਤਰੀ, ਵਿਜੀਲੈਂਸ ਅਤੇ ਹੋਰ ਵਿਭਾਗਾਂ ਨੂੰ ਵੀ ਕੀਤੀ ਸੀ। ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਵਿੱਚ ਮਾਮਲਾ ਦਰਜ ਕਰਦੇ ਹੋਏ ਠੇਕੇਦਾਰ ਅਤੇ ਡੀਐਫਓ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਹੈ ਪੂਰਾ ਮਾਮਲਾ ...
ਪਿੰਡ ਟਾਂਡੀ ਅਤੇ ਮਸੋਲ ਦੇ ਵਿਚਕਾਰ ਕੁਝ ਫਾਰਮ ਹਾਊਸਾਂ ਦੀ ਉਸਾਰੀ ਸਬੰਧੀ ਡੀਐਫਓ ਵੱਲੋਂ 24 ਅਪ੍ਰੈਲ ਨੂੰ ਨਵਾਂਗਾਉਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਇਸ ਤੋਂ ਬਾਅਦ 27 ਅਪ੍ਰੈਲ ਨੂੰ ਵਿਭਾਗ ਦੇ ਦੋ ਮੁਲਾਜ਼ਮ ਦਵਿੰਦਰ ਸੰਧੂ ਨੂੰ ਮਿਲੇ ਅਤੇ ਡੀਐਫਓ ਨੂੰ ਮਿਲਣ ਦਾ ਸੁਨੇਹਾ ਦਿੱਤਾ ਗਿਆ।
vigilance bureau
ਵਾਇਰਲ ਵੀਡੀਓ ਮੁਤਾਬਕ ਡੀਐਫਓ ਅਤੇ ਦਵਿੰਦਰ ਸੰਧੂ ਦੀ ਮੁਲਾਕਾਤ 30 ਅਪ੍ਰੈਲ ਨੂੰ ਹੋਈ ਸੀ ਪਰ ਜੰਗਲਾਤ ਵਿਭਾਗ ਵਲੋਂ ਕਾਰਵਾਈ ਕਰਦਿਆਂ 9 ਮਈ ਨੂੰ ਦਵਿੰਦਰ ਸੰਧੂ ਦੇ ਪਿਤਾ ਸੇਵਾਮੁਕਤ ਕਰਨਲ ਬੀ.ਐਸ.ਸੰਧੂ ਅਤੇ ਤਰਸੇਮ ਸਿੰਘ ਖ਼ਿਲਾਫ਼ ਪੰਜਾਬ ਲੈਂਡ ਕੰਜ਼ਰਵੇਸ਼ਨ ਐਕਟ 1900 ਦੀ ਧਾਰਾ 4 ਅਤੇ 5 ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ 26 ਮਈ ਨੂੰ ਉਸ ਇਲਾਕੇ ਵਿੱਚ ਕਾਰਵਾਈ ਕਰਦਿਆਂ ਜੰਗਲਾਤ ਵਿਭਾਗ ਵੱਲੋਂ 10 ਹਜ਼ਾਰ ਦਰੱਖਤ ਲਗਾਏ ਗਏ ਸਨ।
WWICS farmhouse case
ਦਵਿੰਦਰ ਸੰਧੂ ਵੱਲੋਂ ਬਣਾਏ ਗਏ ਮੁੱਖ ਗੇਟ ਅਤੇ ਸੜਕ ਨੂੰ ਵੀ ਜੇਸੀਬੀ ਮਸ਼ੀਨ ਨਾਲ ਢਾਹ ਦਿੱਤਾ ਗਿਆ। ਦਵਿੰਦਰ ਸੰਧੂ ਦੀ ਸ਼ਿਕਾਇਤ ਵੀਡੀਓ ਸਮੇਤ ਉੱਚ ਪੱਧਰ ਤੱਕ ਕੀਤੀ ਗਈ। ਜਿਸ ਵਿੱਚ ਵਿਜੀਲੈਂਸ ਬਿਊਰੋ ਦੀ ਜਾਂਚ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ, ਜੰਗਲਾਤ ਵਿਭਾਗ ਚੀਫ ਕੰਜ਼ਰਵੇਟਿਵ (ਹਿਲਸ) ਹਰਸ਼ ਕੁਮਾਰ ਵਲੋਂ 27 ਮਈ ਨੂੰ DFO ਦੇ ਤਬਾਦਲੇ ਦੀ ਸਿਫਾਰਿਸ਼ ਕੀਤੀ ਗਈ ਸੀ ਅਤੇ ਵੀਡੀਓ ਸਬੰਧੀ ਵਿਜੀਲੈਂਸ ਤੋਂ ਜਾਂਚ ਦੀ ਮੰਗ ਲਈ ਚਿੱਠੀ ਵੀ ਲਿਖੀ ਗਈ ਸੀ।