
ਮ੍ਰਿਤਕ ਵਿਅਕਤੀ ਦੀ ਪਛਾਣ ਮੇਘ ਸਿੰਘ ਵਾਸੀ ਪਿੰਡ ਹਮਝੇੜੀ ਵਜੋਂ ਹੋਈ
Patiala News : ਪਟਿਆਲਾ ਦੇ ਪਾਤੜਾਂ 'ਚ ਰਹਿਣ ਵਾਲੇ ਵਿਅਕਤੀ ਦੀ ਜ਼ਮੀਨੀ ਵਿਵਾਦ ਦੇ ਚੱਲਦਿਆਂ ਗੰਡਾਸੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੁਲਜ਼ਮਾਂ ਨੇ ਮ੍ਰਿਤਕ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਖੇਤ ਵਿੱਚ ਸੁੱਟ ਦਿੱਤਾ ਅਤੇ ਫ਼ਰਾਰ ਹੋ ਗਏ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਮ੍ਰਿਤਕ ਵਿਅਕਤੀ ਦੀ ਪਛਾਣ ਮੇਘ ਸਿੰਘ ਵਾਸੀ ਪਿੰਡ ਹਮਝੇੜੀ ਵਜੋਂ ਹੋਈ ਹੈ। ਹਮਲਾਵਰਾਂ ਦੀ ਗਿਣਤੀ 10 ਤੋਂ ਵੱਧ ਦੱਸੀ ਜਾ ਰਹੀ ਹੈ। ਕੁਝ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ ਜਦਕਿ ਬਾਕੀਆਂ ਦੀ ਪਛਾਣ ਕਰਨ ਲਈ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਇਲਾਜ ਦੌਰਾਨ ਹੋਈ ਮੌਤ
ਪੁਲੀਸ ਅਨੁਸਾਰ ਮ੍ਰਿਤਕ ਮੇਘ ਸਿੰਘ ਬਾਈਕ ’ਤੇ ਘਰੋਂ ਨਿਕਲਿਆ ਸੀ ਪਰ ਵਾਪਸ ਨਹੀਂ ਆਇਆ। ਬੀਤੀ ਸ਼ਾਮ ਕਿਸੇ ਰਾਹਗੀਰ ਨੇ ਫੋਨ ਕਰਕੇ ਪਰਿਵਾਰ ਨੂੰ ਸੂਚਨਾ ਦਿੱਤੀ ਕਿ ਮੇਘ ਸਿੰਘ ਜ਼ਖ਼ਮੀ ਹਾਲਤ ਵਿੱਚ ਖੇਤਾਂ ਵਿੱਚ ਪਿਆ ਹੈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਗਏ।
ਜਿੱਥੇ ਇਲਾਜ ਦੌਰਾਨ ਮੇਘ ਸਿੰਘ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪਰਿਵਾਰ ਦੇ ਬਿਆਨਾਂ 'ਤੇ 10 ਤੋਂ ਵੱਧ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।