
ਅਗਲੀ ਮੰਤਰੀ ਮੰਡਲ ਬੈਠਕ ਬਾਰੇ ਪੱਤਰ ਜਾਰੀ
ਚੰਡੀਗੜ੍ਹ, 1 ਜੁਲਾਈ (ਗੁਰਉਪਦੇਸ਼ ਭੁੱਲਰ) : ਵਿੰਨੀ ਮਹਾਜਨ ਵਲੋਂ ਪੰਜਾਬ ਦੇ ਨਵੇਂ ਮੁੱਖ ਸਕੱਤਰ ਵਜੋਂ ਕੰਮਕਾਰ ਸੰਭਾਲਣ ਬਾਅਦ ਹੁਣ ਵੱਖ ਵੱਖ ਵਿਭਾਗਾਂ ਵਿਚ ਫ਼ਾਈਲ ਵਰਕ ਵਿਚ ਤੇਜ਼ੀ ਆਉਣ ਲੱਗੀ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਚਾਰਜ ਸੰਭਾਲਣ ਦੇ ਤੁਰਤ ਬਾਅਦ ਹੀ ਅਧਿਕਾਰੀਆਂ ਨੂੰ ਇਸ ਸਬੰਧ 'ਚ ਸਖ਼ਤ ਹਦਾਇਤਾਂ ਦਿਤੀਆਂ ਸਨ ਕਿ ਦਫ਼ਤਰੀ ਕੰਮਕਾਰ ਨੂੰ ਸਮੇਂ ਸਿਰ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾਵੇ। ਪੰਜਾਬ ਸਕੱਤਰੇਤ ਵਿਚ ਸਰਕਾਰ ਦੀਆਂ ਵੱਖ ਵੱਖ ਬਰਾਂਚਾਂ ਵਿਚ ਵੇਖਣ ਵਿਚ ਆ ਰਿਹਾ ਹੈ ਕਿ ਇਹ ਹਫ਼ਤਾ ਸ਼ੁਰੂ ਹੁੰਦਿਆਂ ਹੀ ਦਫ਼ਤਰੀ ਬਾਬੂ ਫ਼ਾਈਲ ਵਰਕ ਵਿਚ ਰੁਝੇ ਵਿਖਾਈ ਦੇ ਰਹੇ ਹਨ ਅਤੇ ਕਾਗ਼ਜ਼ੀ ਕਾਰਵਾਈਆਂ ਤੇਜ਼ੀ ਨਾਲ ਹੋ ਰਹੀਆਂ ਹਨ।
Vinni Mahajan
ਜ਼ਿਕਰਯੋਗ ਹੈ ਕਿ ਮੰਤਰੀ ਮੰਡਲ ਦੀ ਅਗਲੀ ਬੈਠਕ ਬਾਰੇ ਵੀ ਵਿੰਨੀ ਮਹਾਜਨ ਵਲੋਂ ਇਕ ਹਫ਼ਤਾ ਪਹਿਲਾਂ ਹੀ ਪੱਤਰ ਜਾਰੀ ਕਰ ਦਿਤਾ ਗਿਆ ਹੈ। ਜਦਕਿ ਪਹਿਲਾਂ ਇਹ ਪੱਤਰ 2 ਜਾਂ 3 ਦਿਨ ਪਹਿਲਾਂ ਜਾਰੀ ਹੁੰਦਾ ਸੀ। ਅਗਲੀ ਮੰਤਰੀ ਮੰਡਲ ਦੀ ਬੈਠਕ 8 ਜੁਲਾਈ ਬਾਅਦ ਦੁਪਹਿਰ ਪੰਜਾਬ ਸਕੱਤਰੇਤ ਵਿਚ ਹੀ ਰੱਖੀ ਗਈ ਹੈ। ਮੁੱਖ ਸਕੱਤਰ ਵਲੋਂ ਇਸ ਸਬੰਧ ਵਿਚ ਵਿਸ਼ੇਸ਼ ਮੁੱਖ ਸਕੱਤਰਾਂ, ਵਧੀਕ ਮੁੱਖ ਸਕੱਤਰਾਂ, ਪ੍ਰਮੁੱਖ ਸਕੱਤਰਾਂ ਅਤੇ ਵਿੱਤੀ ਕਮਿਸ਼ਨਰਾਂ ਨੂੰ ਮੀਟਿੰਗ ਦੀ ਜਾਣਕਾਰੀ ਦੇ ਦਿਤੀ ਗਈ ਹੈ ਤਾਂ ਜੋ ਉਹ ਮੰਤਰੀਆਂ ਨਾਲ ਸਲਾਹ ਕਰ ਕੇ ਏਜੰਡੇ ਵਿਚ ਸ਼ਾਮਲ ਕੀਤੇ ਜਾਣ ਵਾਲੇ ਪ੍ਰਸਤਾਵ ਸਮੇਂ ਸਿਰ ਤਿਆਰ ਕਰਵਾ ਸਕਣ।
ਪੱਤਰ ਵਿਚ ਵੱਖ ਵੱਖ ਵਿਭਾਗਾਂ ਨੂੰ ਇਹ ਵੀ ਹਦਾਇਤ ਦਿਤੀ ਗਈ ਹੈ ਕਿ ਇਹ ਪ੍ਰਸਤਾਵ 3 ਦਿਨਾਂ ਦੇ ਅੰਦਰ ਆ ਜਾਣੇ ਚਾਹੀਦੇ ਹਨ ਅਤੇ ਏਂਡਾ ਜਾਰੀ ਹੋਣ ਤੋਂ ਬਰਾਅਦ ਆਉਣ ਵਾਲੇ ਪ੍ਰਸਤਾਵ ਮੁੱਖ ਮੰਤਰੀ ਦੀ ਮਨਜ਼ੂਰੀ ਬਾਅਦ ਹੀ ਮੀਟਿੰਗ ਵਿਚ ਰੱਖੇ ਜਾ ਸਕਣਗੇ। ਮੁੱਖ ਸਕੱਤਰ ਦੇ ਦਫ਼ਤਰ ਦੀ ਚਹਿਲ ਪਹਿਲ ਵੀ ਵਧ ਗਈ ਹੈ ਅਤੇ ਉਹ ਲਗਾਤਾਰ ਅਧਿਕਾਰੀਆਂ ਅਤੇ ਹੋਰ ਲੋਕਾਂ ਨੂੰ ਮਿਲ ਰਹੇ ਹਨ।