
ਪੰਜਾਬ ਨੂੰ ਜ਼ਹਿਰੀਲਾ ਰੇਗਿਸਤਾਨ ਬਣਨ ਤੋਂ ਰੋਕੇ ਸਰਕਾਰ: ਪਰਮਿੰਦਰ ਸਿੰਘ ਢੀਂਡਸਾ
ਜ਼ਹਿਰੀਲੇ ਪਾਣੀ ਨਾਲ ਮਾਲਵੇ 'ਚ ਕੈਂਸਰ ਦੇ ਫੈਲਾਅ 'ਤੇ ਚਿੰਤਾ ਪ੍ਰਗਟਾਈ
ਚੰਡੀਗੜ੍ਹ, 1 ਜੁਲਾਈ (ਸੁਰਜੀਤ ਸਿੰਘ ਸੱਤੀ): ਪਿਛਲੇ ਲੰਮੇ ਸਮੇਂ ਤੋਂ ਸਤਲੁਜ ਅਤੇ ਬਿਆਸ ਦਰਿਆ ਵਿਚ ਸਨਅਤਾਂ ਦੇ ਸੁੱਟੇ ਜਾ ਰਹੇ ਜ਼ਹਿਰੀਲੇ ਪਾਣੀ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਮਾਲਵੇ ਦੇ ਲੋਕਾਂ ਦੀ ਪ੍ਰੇਸ਼ਾਨੀ ਅਤੇ ਪੀੜ ਨੂੰ ਸਮਝਦੇ ਹੋਏ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਰਿਆਈ ਪਾਣੀਆਂ ਦੀ ਹਾਲਤ ਸੁਧਾਰਨ ਲਈ ਗੰਭੀਰਤਾ ਨਾਲ ਧਿਆਨ ਦੇਣ ਦੀ ਮੰਗ ਕਰਦਿਆਂ ਪੰਜਾਬ ਨੂੰ ਭਵਿੱਖ ਵਿਚ ਜ਼ਹਿਰੀਲਾ ਰੇਗਿਸਤਾਨ ਬਣਨ ਤੋਂ ਰੋਕਣ ਲਈ ਢੁਕਵੇਂ ਕਦਮ ਚੁੱਕਣ ਲਈ ਉਚੇਚੇ ਤੌਰ 'ਤੇ ਦਖ਼ਲ ਦੇਣ ਲਈ ਕਿਹਾ ਹੈ | ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਲੋਂ ਵਾਤਾਵਰਣ ਦੀ ਸੰਭਾਲ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਟੀਚੇ ਨਾਲ ਹਰਿਆਵਲ ਮੁਹਿੰਮ ਵਿੱਢੀ ਹੋਈ ਹੈ | ਇਸ ਤਹਿਤ ਪਰਮਿੰਦਰ ਸਿੰਘ ਢੀਂਡਸਾ ਵਲੋਂ ਲੁਧਿਆਣਾ ਦੇ ਪਿੰਡ ਮੱਤੇਵਾੜਾ ਵਿਚ 416 ਏਕੜ ਜ਼ਮੀਨ 'ਤੇ ਬੂਟੇ ਲਗਾਉਣ ਦਾ ਕਾਰਜ ਸ਼ੁਰੂ ਕੀਤਾ ਗਿਆ ਹੈ |
ਸ. ਢੀਂਡਸਾ ਨੇ ਸਤਲੁਜ ਅਤੇ ਮੱਤੇਵਾੜਾ ਜੰਗਲ ਦੇ ਲਾਗੇ ਸਨਅਤੀ ਪ੍ਰਾਜੈਕਟ ਦਾ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ ਜੇਕਰ ਇਥੇ ਫ਼ੈਕਟਰੀ ਲੱਗ ਗਈ ਤਾਂ ਸਤਲੁਜ ਦਾ ਕੁਦਰਤੀ ਫ਼ਲੱਡ ਜ਼ੋਨ ਤਬਾਹ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਮਾਲਵਾ ਖੇਤਰ ਦੇ ਲੋਕ ਪਿਛਲੇ ਲੰਮੇ ਸਮੇਂ ਤੋਂ ਦਰਿਆਵਾਂ ਵਿਚ ਸਨਅਤਾਂ ਦੇ ਜ਼ਹਿਰੀਲੇ ਅਤੇ ਤੇਜ਼ਾਬੀ ਪਾਣੀ ਦੇ ਸੁੱਟੇ ਜਾਣ ਤੋਂ ਦੁਖੀ ਹਨ ਅਤੇ ਉਹ ਇਸ ਸਬੰਧੀ ਅਨੇਕਾਂ ਵਾਰ ਕੇਂਦਰ ਸਰਕਾਰ, ਸੂਬਾ ਸਰਕਾਰ, ਸਬੰਧਤ ਵਿਭਾਗਾਂ ਤੋਂ ਇਲਾਵਾ ਅਦਾਲਤਾਂ ਦਾ ਦਰਵਾਜ਼ਾ ਵੀ ਖੜਕਾ ਚੁੱਕੇ ਹਨ ਪਰ ਫਿਰ ਵੀ ਸਥਿਤੀ ਜਿਉਂ ਦੀ ਤਿਉਂ ਹੈ | ਢੀਂਡਸਾ ਨੇ ਜ਼ਹਿਰੀਲੇ ਪਾਣੀ ਕਾਰਨ ਬਠਿੰਡਾ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਫ਼ਾਜ਼ਿਲਕਾ ਅਤੇ ਹੋਰ ਕਈ ਜ਼ਿਲਿ੍ਹਆਂ ਵਿਚ ਵੱਡੇ ਪੱਧਰ 'ਤੇ ਵਧ ਰਹੀ ਕੈਂਸਰ ਵਰਗੀ ਭਿਆਨਕ ਬਿਮਾਰੀ ਪ੍ਰਤੀ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਤਕ ਮਾਲਵੇ ਵਿਚ ਦਸ ਹਜ਼ਾਰ ਤੋਂ ਵੱਧ ਲੋਕ ਕੈਂਸਰ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਜੇਕਰ ਇਸ ਦਾ ਛੇਤੀ ਹੱਲ ਨਾ ਕਢਿਆ ਗਿਆ ਤਾਂ ਮਾਲਵੇ ਦੇ ਨਾਲ-ਨਾਲ ਪੂਰਾ ਪੰਜਾਬ ਇਕ ਜ਼ਹਿਰੀਲਾ ਰੇਗੀਸਤਾਨ ਬਣਕੇ ਰਹਿ ਜਾਵੇਗਾ |