
26 ਜਨਵਰੀ ਨੂੰ ਲਾਲ ਕਿਲੇ੍ਹ ਤੇ ਖ਼ਾਲਸਾਈ ਝੰਡਾ ਲਹਿਰਾਉਣ ਵਾਲੇ ਜੁਗਰਾਜ ਸਿੰਘ ਨੇ ਦਰਬਾਰ ਸਾਹਿਬ ਮੱਥਾ ਟੇਕਿਆ
ਪੰਥਕ ਆਗੂਆਂ ਨੇ ਜੁਗਰਾਜ ਸਿੰਘ ਨੂੰ ਸਨਮਾਨਤ ਕੀਤਾ
ਅੰਮਿ੍ਰਤਸਰ, 1 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): ਕਿਸਾਨ ਅੰਦੋਲਨ ਵਿਚ ਦਿੱਲੀ ਵਿਖੇ 26 ਜਨਵਰੀ ਨੂੰ ਕੀਤੇ ਗਏ ਟਰੈਕਟਰ ਮਾਰਚ ਸਮੇਂ ਲਾਲ ਕਿਲੇ੍ਹ ’ਤੇ ਖ਼ਾਲਸਾਈ ਝੰਡਾ ਲਹਿਰਾਉਣ ਵਾਲੇ ਨੌਜੁਆਨ ਜੁਗਰਾਜ ਸਿੰਘ ਅੱਜ ਜ਼ਮਾਨਤ ਮਿਲਣ ਤੇ ਸ਼ੁਕਰਾਨੇ ਵਜੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਗੱਲਬਾਤ ਦੌਰਾਨ ਉਨ੍ਹਾਂ ਦਸਿਆ ਕਿ ਲਾਲ ਕਿਲ੍ਹੇ ’ਤੇ ਖ਼ਾਲਸਾਈ ਨਿਸ਼ਾਨ ਚੜ੍ਹਾਉਣ ਵੇਲੇ ਕਿਸੇ ਦੀ ਸ਼ੈਅ ਨਹੀਂ ਸੀ, ਉਨ੍ਹਾਂ ਦੇ ਹਿਰਦੇ ਵਿਚ ਕਿਸਾਨਾਂ ਪ੍ਰਤੀ ਦੁੱਖ ਹੈ ਤੇ ਉਹ ਦਿੱਲੀ ਦਰਬਾਰ ਨੂੰ ਦਸਣਾ ਚਾਹੁੰਦੇ ਸਨ ਕਿ ਕਿਸਾਨ ਤੇੇ ਸਿੱਖ ਕੌਮ ਕਿਸੇ ਤੋਂ ਡਰਦੀ ਨਹੀਂ। ਉਨ੍ਹਾਂ ਕਿਹਾ ਕਿ ਮੇਰੀ ਗਿ੍ਰਫ਼ਤਾਰੀ ਤੋਂ ਬਾਅਦ ਪ੍ਰਵਾਰ ਤੇ ਪੁਲਿਸ ਨੇ ਬਹੁਤ ਤਸ਼ੱਦਦ ਕੀਤਾ। ਪਰ ਅੱਜ ਰੱਬ ਦੀ ਕ੍ਰਿਪਾ ਨਾਲ ਜ਼ਮਾਨਤ ਮਿਲ ਗਈ। ਇਸ ਮੌਕੇ ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਉਕਤ ਜੁਗਰਾਜ ਸਿੰਘ ਦਾ ਗੁਰੂ ਦੀ ਬਖ਼ਸ਼ਿਸ਼ ਸਿਰੋਪਾਉ ਪਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜੁਗਰਾਜ ਸਿੰਘ ਨੇ ਸਪੱਸ਼ਟ ਕੀਤਾ ਕਿ ਉਹ ਕਿਸਾਨ ਦਾ ਪੁੱਤ ਹੈ ਤੇ ਕਿਸਾਨਾਂ ਦੀਆਂ ਮੰਗਾਂ ਸਬੰਧੀ ਦਿੱਲੀ ਗਿਆ ਸੀ ਤੇ ਦਿੱਲੀ ਪਹੁੰਚ ਕੇ ਉਨ੍ਹਾਂ ਨੂੰ ਕਿਹਾ ਗਿਆ ਇਸ ਪਾਸੇ ਲਾਲ ਕਿਲੇ੍ਹ ਵਲ ਨੂੰ ਮੁੜ ਜਾਉ। ਮੈਨੂੰ ਤਾਂ ਪਤਾ ਨਹੀਂ ਸੀ ਪਰ ਉਥੇ ਪਹੁੰਚ ਕੇ ਕੁਦਰਤੀ ਜੋਸ਼ ਵਿਚ ਆ ਕੇ ਉਨ੍ਹਾਂ ਨੇ ਲਾਲ ਕਿਲੇ੍ਹ ’ਤੇ ਖ਼ਾਲਸਾਈ ਝੰਡਾ ਲਹਿਰਾਇਆ , ਇਹ ਝੰਡਾ ਲਹਿਰਾਉਣ ਦੀ ਸਾਡੀ ਕੋਈ ਯੋਜਨਾ ਨਹੀਂ ਸੀ ਪਰ ਗੁਰੂਆਂ ਦਾ ਬਖ਼ਸ਼ਿਸ਼ ਨਾਲ ਇਹ ਪਵਿੱਤਰ ਕਾਰਜ ਹੋ ਗਿਆ।
ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਨੇ ਤੰਗ ਕੀਤਾ, ਪ੍ਰਵਾਰ ਨੂੰ ਉਹ 7 ਮਹੀਨੇ ਅੱਗੇ ਪਿੱਛੇ ਰਿਹਾ। ਉਨ੍ਹਾਂ ਕਿਹਾ ਕਿ ਉਹ ਅੱਗੇ ਵੀ ਕਿਸਾਨਾਂ ਦਾ ਸਾਥ ਦੇੇਣਗੇ। ਪੰਥਕ ਜਥੇਬੰਦੀਆਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵਲੋਂ ਵੀ ਜੁਗਰਾਜ ਸਿੰਘ ਦਾ ਸਨਮਾਨ ਕੀਤਾ ਗਿਆ।